ਪਹਿਲਾਂ ਉਤਰਾਖੰਡ ਦੀ ਟੋਪੀ, ਫਿਰ ਮਣੀਪੁਰ ਦਾ ਗਮਛਾ ਤੇ ਹੁਣ ਪੰਜਾਬੀ ਪਗੜੀ ਵਿਚ ਨਜ਼ਰ ਆਏ ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਪਹਿਲਾਂ ਉਤਰਾਖੰਡ ਦੀ ਟੋਪੀ, ਫਿਰ ਮਣੀਪੁਰ ਦਾ ਗਮਛਾ ਤੇ ਹੁਣ ਪੰਜਾਬੀ ਪਗੜੀ ਵਿਚ ਨਜ਼ਰ ਆਏ ਮੋਦੀ

image

ਨਵੀਂ ਦਿੱਲੀ, 28 ਜਨਵਰੀ : 73ਵੇਂ ਗਣਤੰਤਰ ਦਿਵਸ ਮੌਕੇ ’ਤੇ ਬ੍ਰਹਮਕਮਲ ਨਾਲ ਸਜੀ ਹੋਈ ਉਤਰਾਖੰਡ ਦੀ ਟੋਪੀ ਅਤੇ ਮਣੀਪੁਰ ਦਾ ਪਰੰਮਰਾਗਤ ਗਮਛਾ ‘ਲੇਂਗਯਾਨ’ ਪਹਿਨ ਕੇ ਸਾਰਿਆਂ ਦਾ ਧਿਆਨ ਅਪਣੇ ਵਲ ਖਿੱਚਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁਕਰਵਾਰ ਨੂੰ ਨੈਸ਼ਨਲ ਕੈਡੇਟ ਕੋਰ (ਐਨਸੀਸੀ) ਦੀ ਇਕ ਰੈਲੀ ਵਿਚ ਸਿੱਖ ਪਗੜੀ ਪਹਿਨੇ ਹੋਏ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਉਤਰਾਖੰਡ ਅਤੇ ਮਣੀਪੁਰ ਦੇ ਨਾਲ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਮਣੀਪੁਰ ਵਿਚ ਦੋ ਗੇੜ੍ਹਾਂ ਵਿਚ ਵੋਟਾਂ ਪੈਣੀਆਂ ਹਨ ਉਥੇ ਹੀ ਉਤਰਾਖੰਡ ਅਤੇ ਪੰਜਾਬ ਵਿਚ ਇਕ ਗੇੜ੍ਹ ਵਿਚ ਵੋਟਿੰਗ ਹੋਣੀ ਹੈ। ਰਾਜਧਾਨੀ ਦੇ ਕਰਿਅੱਪਾ ਮੈਦਾਨ ਵਿਚ ਆਯੋਜਤ ਐਨਸੀਸੀ ਰੈਲੀ ਵਿਚ ਪ੍ਰਧਾਨ ਮੰਤਰੀ ਨੇ ਹਰੇ ਰੰਗ ਦੀ ਪੱਗ ਪਹਿਨੀ, ਜਿਸ ’ਤੇ ਲਾਲ ਰੰਗ ਦੇ ਖੰਭ ਲੱਗੇ ਸਨ। ਸਿੱਖ ਕੈਡੇਟ ਇਸੇ ਤਰ੍ਹਾਂ ਦੀ ਪੱਗ ਪਾਉਂਦੇ ਹਨ। ਪ੍ਰਧਾਨ ਮੰਤਰੀ ਦੇ ਇਸ ਲਿਬਾਸ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 
ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਸਟਾਟਅਪ ਤੋਂ ਲੈ ਕੇ ਖੇਡ ਦੀ ਦੁਨੀਆਂ ’ਚ ਨੌਜਵਾਨਾਂ ਦੇ ਸਾਹਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜਿਸ ਦੇਸ਼ ਦਾ ਨੌਜਵਾਨ ‘‘ਰਾਸ਼ਟਰ ਪਹਿਲੇ’ ਦੀ ਸੋਚ ਨਾਲ ਅੱਗੇ ਵਧਣ ਲਗਦਾ ਹੈ ਤਾਂ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਰੋਕ ਨਹੀਂ ਸਕਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਥਾਨ ਨੂੰ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸਿਲਸਿਲੇ ਵਿਚ ਇਕ ਉਚ ਪੱਧਰੀ ਸਮੀਖਿਆ ਕਮੇਟੀ ਵੀ ਗਠਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲ ’ਚ ਦੇਸ਼ ਦੇ ਸਰਹੱਦੀ ਖੇਤਰਾਂ ਵਿਚ ਇਕ ਲੱਖ ਨਵੇਂ ਕੈਡੇਟਸ ਬਣਾਏ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀ ਪੱਗ ਅਤੇ ਕਾਲੀਆਂ ਐਨਕਾਂ ਵਿਚ ਨਜ਼ਰ ਆਏ ਅਤੇ ਉਨ੍ਹਾਂ ਨੇ ਕੈਡੇਟਸ ਨੂੰ ਸਲਾਮੀ ਦਿਤੀ। ਐਨਸੀਸੀ ਕੈਡੇਟਸ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਭੇਟ ਕੀਤਾ।    
ਐਨਸੀਸੀ ’ਚ ਕੁੜੀਆਂ ਦੀ ਵਧਦੀ ਹਿੱਸੇਦਾਰੀ ਦਾ ਜ਼ਿਕਰ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘‘ਹੁਣ ਦੇਸ਼ ਦੀਆਂ ਧੀਆਂ ਸੈਨਿਕ ਸਕੂਲਾਂ ਵਿਚ ਦਾਖ਼ਲਾ ਲੈ ਰਹੀਆਂ ਹਨ। ਫ਼ੌਜ ਵਿਚ ਔਰਤਾਂ ਨੂੰ ਵਡੀਆਂ ਜ਼ਿੰਮੇਵਾਰੀਆਂ ਮਿਲ ਰਹੀਆਂ ਹਨ। ਦੇਸ਼ ਦੀਆਂ ਧੀਆਂ ਹਵਾਈ ਫ਼ੌਜ ’ਚ ਲੜਾਕੂ ਜਹਾਜ਼ ਉਡਾ ਰਹੀਆਂ ਹਨ। ਅਜਿਹੇ ’ਚ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਧੀਆਂ ਐਨਸੀਸੀ ’ਚ ਸ਼ਾਮਲ ਹੋਣ। ਨੌਜਵਾਨਾਂ ’ਚ ਨਸ਼ੇ ਦੀ ਆਦਤ ’ਤੇ ਚਿੰਤਾ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕੈਡੇਟਾਂ ਤੋਂ ਇਸ ਵਿਰੁਧ ਜਾਗਰੂਕਤਾ ਮਹਿੰਮ ਚਲਾਉਣ ਦੀ ਅਪੀਲ ਕੀਤੀ ਅਤੇ   ਇਸ ਦੀ ਸ਼ੁਰੂਆਤ ਅਪਣੇ ਸਕੂਲਾਂ ਤੋਂ ਕਰਨ ਲਈ ਕਿਹਾ।  ਉਨ੍ਹਾਂ ਕਿਹਾ, ‘‘ਜਿਸ ਸਕੂਲ-ਕਾਲੇਜ ’ਚ ਐਨਸੀਸੀ ਹੋਵੇ, ਐਨਐਸਐਸ ਹੋਵੇ ਉਥੇ ਡਰੱਗਜ਼ ਕਿਵੇਂ ਪਹੁੰਚ ਸਕਦੀ ਹੈ। ਤੁਸੀਂ ਕੈਡੇਟ ਵਜੋਂ ਖ਼ੁਦ ਡਰੱਗਜ਼ ਤੋਂ ਮੁਕਤ ਰਹੋ ਅਤੇ ਨਾਲ ਹੀ ਅਪਣੇ ਕੈਂਪਸ ਨੂੰ ਵੀ ਡਰੱਗਜ਼ ਮੁਕਤ ਰਖੋ। ’’
ਮੋਦੀ ਨੇ ਕਿਹਾ ਕਿ ਦੇਸ਼ ਅਪਣੀ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਜਦੋਂ ਨੌਜਵਾਨ ਦੇਸ਼ ਦੇ ਇਸ ਤਰ੍ਹਾਂ ਦੇ ਇਤਿਹਾਸਕ ਉਤਸਵ ਦਾ ਗਵਾਹ ਬਣਦਾ ਹੈ ਤਾਂ ਉਸ ਵਿਚ ਵਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਨੌਜਵਾਨ ਸ਼ਕਤੀ ਦੇ ਦਰਸ਼ਨ ਹਨ, ਜੋ ਸਾਡੇ ਸੰਕਲਪ ਨੂੰ ਪੂਰਾ ਕਰਨਗੇ। 
ਮੋਦੀ ਨੇ ਕਿਹਾ ਕਿ ਕੁੱਝ ਲੋਕ ਸਾਡੇ ਸਮਾਜ ਨੂੰ ਮਾੜਾ ਕਹਿੰਦੇ ਹਨ, ਪਰ ਇਸੇ ਸਮਾਜ ਨੇ ਵਿਖਾ ਦਿਤਾ ਕਿ ਜਦੋਂ ਗੱਲ ਦੇਸ਼ ਦੀ ਹੋਵੇ ਤਾਂ ਉਸ ਤੋਂ ਵੱਧ ਕੇ ਕੋਈ ਕੁਝ ਵੀ ਨਹੀਂ। ਜਦੋਂ ਸਹੀ ਦਿਸ਼ਾ ਮਿਲੇ, ਸਹੀ ਉਦਾਹਰਣ ਮਿਲੇ ਤਾਂ ਸਾਡਾ ਦੇਸ਼ ਕਿੰਨਾ ਕੁੱਝ ਕਰ ਕੇ ਵਿਖਾਉਂਦਾ ਹੈ, ਇਹ ਉਸ ਦੀ ਉਦਾਹਰਣ ਹੈ।
ਮੋਦੀ ਨੇ ਕਿਹਾ ਕਿ ਸਾਰੇ ਨੌਜਵਾਨ, ਵੋਕਲ ਫਾਰ ਲੋਕਲ ਮੁਹਿੰਮ ਵਿਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ। ਜੇਕਰ ਭਾਰਤ ਦੇ ਨੌਜਵਾਨ ਤੈਅ ਕਰ ਲੈਣ ਕਿ ਜਿਸ ਚੀਜ਼ ਦੇ ਨਿਰਮਾਣ ਵਿਚ ਕਿਸੇ ਭਾਰਤੀ ਦੀ ਮਿਹਨਤ ਲਗਦੀ ਹੈ, ਕਿਸੇ ਭਾਰਤੀ ਦੀ ਪਸੀਨਾ ਵਹਿਆ, ਸਿਰਫ਼ ਉਹੀ ਚੀਜ਼ ਵਰਤਾਂਗੇ, ਤਾਂ ਭਾਰਤ ਦਾ ਭਾਗ ਬਦਲ ਸਕਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਰਡ ਆਫ਼ ਆਨਰ ਦਾ ਨਿਰੀਖਣ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਐਨਸੀਸੀ ਟੁਕੜੀਆਂ ਵਲੋਂ ਕੀਤੇ ਮਾਰਚ ਪਾਸਟ ਦੀ ਸਮੀਖਿਆ ਕੀਤੀ। ਪੀਐਮ ਨੇ ਸਰਵੋਤਮ ਕੈਡੇਟ ਨੂੰ ਤਮਗ਼ੇ ਤੇ ਛੜੀ ਦੇ ਕੇ ਸਨਮਾਨਤ ਕੀਤਾ।    (ਏਜੰਸੀ)