ਫ਼ੌਜੀਆਂ ਦੇ ਨਾਂ ’ਤੇ ਰਾਜਨੀਤੀ ਕਰਦੀ ਹੈ ਮੋਦੀ ਸਰਕਾਰ : ਸਚਿਨ ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫ਼ੌਜੀਆਂ ਦੇ ਨਾਂ ’ਤੇ ਰਾਜਨੀਤੀ ਕਰਦੀ ਹੈ ਮੋਦੀ ਸਰਕਾਰ : ਸਚਿਨ ਪਾਇਲਟ

image

ਚੰਡੀਗੜ੍ਹ, 28 ਜਨਵਰੀ (ਭੁੱਲਰ) : ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਫ਼ੌਜੀਆਂ ਦੇ ਨਾਂ ’ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਹੈ, ਜੋ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਨ੍ਹਾਂ ਵਿਰੁਧ ਕੰਮ ਕਰ ਰਹੀ ਹੈ।  ਇਸ ਮੌਕੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੇ ਮੀਡੀਆ ਇੰਚਾਰਜ ਪਵਨ ਖਹਿਰਾ ਵੀ ਉਨ੍ਹਾਂ ਨਾਲ ਮੌਜੂਦ ਸਨ।
ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਹੈੱਡ ਕੁਆਰਟਰ ਵਿਖੇ ਸੈਨਿਕਾਂ ਦੀ ਬਹਾਦਰੀ ਦੇ ਸਨਮਾਨ ਵਿਚ ਤਿਆਰ ਕੀਤੀ ਗਈ ਬੁੱਕਲੈਟ ‘‘ਸ਼ੌਰਯ ਕੇ ਨਾਮ ਪਰ ਵੋਟ, ਸੈਨਾ ਕੇ ਹਿੱਤੋਂ ਪਰ ਚੋਟ’ ਨੂੰ ਰਿਲੀਜ਼ ਕਰਨ ਮੌਕੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ, ਸਚਿਨ ਪਾਇਲਟ ਨੇ ਕਿਹਾ ਕਿ ਸਾਡੇ ਸੈਨਿਕ ਦੇਸ ਦੀ ਸਰਹੱਦ ’ਤੇ ਦੁਸ਼ਮਣਾਂ ਤੇ ਉਹ ਅੰਦਰ ਅਤਿਵਾਦ ਅਤੇ ਵੱਖਵਾਦ ਨਾਲ ਲੜਦੇ ਹਨ, ਪਰ ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਫ਼ੌਜੀਆਂ ਦੇ ਨਾਂ ’ਤੇ ਰਾਜਨੀਤੀ ਕਰਦੀ ਹੈ ਅਤੇ ਉਨ੍ਹਾਂ ਨੂੰ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਬਜਾਏ, ਉਨ੍ਹਾਂ ਵਿਰੁਧ ਕੰਮ ਕਰਦਾ ਹੈ।
ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਵਿਚ ਕਰੀਬ 1.25 ਲੱਖ ਸੈਨਿਕਾਂ ਦੀਆਂ ਅਸਾਮੀਆਂ ਖ਼ਾਲੀ ਹਨ, ਜਿਨ੍ਹਾਂ ਨੂੰ ਰਾਸਟਰਵਾਦ ਦੀ ਗੱਲ ਕਰਨ ਵਾਲੀ ਪੂਰਨ ਬਹੁਮਤ ਵਾਲੀ ਸਰਕਾਰ ਵਲੋਂ ਪਿਛਲੇ 7 ਸਾਲਾਂ ਤੋਂ ਨਹੀਂ ਭਰਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਨੇ ਸਾਲ 2014 ਵਿਚ ਵਨ ਰੈਂਕ, ਵਨ ਪੈਨਸ਼ਨ ਸਕੀਮ ਲਾਗੂ ਕੀਤੀ ਸੀ, ਪਰ ਹਰਿਆਣਾ ਦੇ ਰੇਵਾੜੀ ਵਿਚ ਇਸ ਸਕੀਮ ਨੂੰ ਲਾਗੂ ਕਰਨ ਦਾ ਵਾਅਦਾ ਕਰਨ ਵਾਲੀ ਐਨਡੀਏ ਸਰਕਾਰ ਨੇ ਅਜੇ ਤਕ ਇਸ ਨੂੰ ਲਾਗੂ ਨਹੀਂ ਕੀਤਾ। ਅਜਿਹੇ ’ਚ 5 ਸਾਲ ’ਚ ਪੈਨਸਨ ਵਧਾਉਣ ਦਾ ਫ਼ੈਸਲਾ ਬਰਾਬਰੀ ਨਹੀਂ ਲਿਆ ਸਕਦਾ।  ਉਨ੍ਹਾਂ ਕੇਂਦਰ ਸਰਕਾਰ ਵਲੋਂ ਈਸੀਐਚਐਸ ਵਿਚ 2,000 ਕਰੋੜ ਰੁਪਏ ਦੀ ਕਟੌਤੀ ਦੀ ਵੀ ਨਿਖੇਧੀ ਕੀਤੀ।  ਇਸੇ ਤਰ੍ਹਾਂ, ਸਰਕਾਰ ਨੇ ਕੰਟੀਨ ’ਤੇ ਉਪਲਬਧ ਉਤਪਾਦਾਂ ’ਤੇ 50 ਫ਼ੀ ਸਦੀ ਜੀਐਸਟੀ ਲਗਾਇਆ ਹੈ ਅਤੇ ਇਸ ’ਤੇ ਵੀ ਸੀਮਾ ਲਗਾ ਦਿਤੀ ਹੈ।
ਉਨ੍ਹਾਂ ਕੇਂਦਰ ਸਰਕਾਰ ਵਲੋਂ ਅਪੰਗਤਾ ਪੈਨਸ਼ਨ ਨੂੰ ਵਧਾਉਣ ਦੀ ਬਜਾਏ ਇਸ ਤੇ ਟੈਕਸ ਲਾਏ ਜਾਣ ਦੀ ਨਿਖੇਧੀ ਕੀਤੀ।