ਜਲੰਧਰ 'ਚ ਸਾਬਕਾ ਕੌਂਸਲਰ ਸੁਸ਼ੀਲ ਕਾਲੀਆ ਨੇ ਨਸ਼ੀਲਾ ਪਦਾਰਥ ਨਿਗਲ ਕੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਸਾਈਡ ਨੋਟ 'ਚ ਕੇ. ਡੀ. ਭੰਡਾਰੀ ਸਣੇ ਕਈਆਂ 'ਤੇ ਤੰਗ ਪਰੇਸ਼ਾਨ ਕਰਨ ਦੇ ਲਗਾਏ ਦੋਸ਼

photo

 

ਜਲੰਧਰ: ਜਲੰਧਰ ਵਿੱਚ ਵਿਧਾਇਕ ਬਾਵਾ ਹੈਨਰੀ ਦੇ ਵਾਰਡ ਨੰਬਰ 64 ਖਾਸਮਖਾਸ ਤੋਂ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਉਰਫ ਵਿੱਕੀ ਨੇ ਜ਼ਹਿਰੀਲੀ ਚੀਜ਼ ਨਿਗਲ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਸੁਸ਼ੀਲ ਕਾਲੀਆ ਨੇ ਦੁਪਹਿਰ ਨੂੰ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਤੋਂ ਬਾਅਦ ਰਿਸ਼ਤੇਦਾਰ ਉਸ ਨੂੰ ਤੁਰੰਤ ਸੈਕਰਡ ਹਾਰਟ ਹਸਪਤਾਲ ਲੈ ਗਏ।

ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ 'ਤੇ ਸੁਸ਼ੀਲ ਕਾਲੀਆ ਵੱਲੋਂ ਲਿਖਿਆ ਗਿਆ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਹੈ, ਜਿਸ ਵਿਚ ਕੇ. ਡੀ. ਭੰਡਾਰੀ ਸਣੇ ਕਈਆਂ ਦੇ ਸਾਹਮਣੇ ਆ ਰਹੇ ਹਨ। ਕੇ.ਡੀ. ਭੰਡਾਰੀ 'ਤੇ ਕਾਲੀਆ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ।

 ਪੜ੍ਹੋ ਪੂਰੀ ਖਬਰ: ਟਰਾਂਸਪੋਰਟ ਮੰਤਰੀ ਵੱਲੋਂ ਸਕੱਤਰ ਆਰ.ਟੀ.ਏਜ਼ ਅਤੇ ਐਸ.ਡੀ.ਐਮਜ਼ ਨੂੰ ਤੀਬਰ ਜੁਆਇੰਟ ਟ੍ਰੈਫ਼ਿਕ ਚੈਕਿੰਗ ਮੁਹਿੰਮ ਅਰੰਭਣ ਦੀ ਹਦਾਇਤ 

ਪਿਛਲੇ ਸਾਲ ਪੁਲਿਸ ਨੇ ਹੈਨਰੀ ਪਰਿਵਾਰ ਦੇ ਖਾਸ ਵਿਅਕਤੀ ਸੁਸ਼ੀਲ ਕਾਲੀਆ, ਉਸ ਦੇ ਪੁੱਤਰ ਅੰਸ਼ੁਮਨ ਅਤੇ ਰਿਸ਼ਤੇਦਾਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ। ਸੁਸ਼ੀਲ ਕਾਲੀਆ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਵਿਧਾਇਕ ਫੰਡ ਦੀ ਦੁਰਵਰਤੋਂ ਦਾ ਦੋਸ਼ ਸੀ। ਸੁਸ਼ੀਲ ਕਾਲੀਆ ਨੇ ਇਸ ਮਾਮਲੇ 'ਚ ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਲਈ ਸੀ ਪਰ ਉਸ ਦੇ ਪੁੱਤਰ ਨੂੰ ਹਾਈਕੋਰਟ ਤੋਂ ਜ਼ਮਾਨਤ ਨਹੀਂ ਮਿਲੀ ਸੀ। ਇਸ ਤੋਂ ਬਾਅਦ ਜ਼ਮਾਨਤ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ, ਪਰ ਕੋਈ ਰਾਹਤ ਨਹੀਂ ਮਿਲੀ।

ਵਿਧਾਇਕ ਬਾਵਾ ਹੈਨਰੀ ਨੇ ਆਪਣੇ ਵਿਧਾਇਕ ਫੰਡ ਵਿੱਚੋਂ ਉੱਤਰੀ ਹਲਕੇ ਦੀਆਂ ਛੇ ਵੈਲਫੇਅਰ ਸੁਸਾਇਟੀਆਂ ਨੂੰ 10-10 ਲੱਖ ਦੀ ਗਰਾਂਟ ਜਾਰੀ ਕੀਤੀ ਸੀ ਪਰ ਜਿਹੜੀ ਗ੍ਰਾਂਟ ਜਾਰੀ ਕੀਤੀ ਗਈ ਸੀ, ਉਹ ਬੈਂਕ ਖਾਤੇ ਵਿੱਚੋਂ ਡੈਬਿਟ ਹੋ ਗਈ ਸੀ ਪਰ ਅੱਗੇ ਵਰਤੀ ਨਹੀਂ ਗਈ। ਰਾਜ ਸਰਕਾਰ ਹੋਰ ਆ ਗਈ 'ਤੇ ਮੌਜੂਦਾ ਸਰਕਾਰ ਨੇ ਇਸ ਦੀ ਜਾਂਚ ਏ.ਡੀ.ਸੀ. ਤੋਂ ਕਰਵਾਈ, ਜਿਸ 'ਚ ਉਨ੍ਹਾਂ ਨੇ ਕੌਂਸਲਰ ਸੁਸ਼ੀਲ ਕਾਲੀਆ ਅਤੇ ਉਸ ਦੇ ਪੁੱਤਰ ਅੰਸ਼ੂਮਨ ਸਮੇਤ 20 ਲੋਕਾਂ ਨੂੰ ਦੋਸ਼ੀ ਪਾਇਆ। ਪੁਲਿਸ ਨੇ ਜਾਂਚ ਰਿਪੋਰਟ ਦੇ ਆਧਾਰ 'ਤੇ ਸਾਰਿਆਂ ਨੂੰ ਨਾਮਜ਼ਦ ਕੀਤਾ ਸੀ।

ਇਸ ਸਾਰੇ ਗੜਬੜ ਦੀ ਸ਼ਿਕਾਇਤ ਭਾਜਪਾ ਦੇ ਸਾਬਕਾ ਵਿਧਾਇਕ ਕ੍ਰਿਸ਼ਨਦੇਵ ਭੰਡਾਰੀ (ਕੇਡੀ ਭੰਡਾਰੀ) ਨੇ ਉੱਤਰੀ ਹਲਕੇ ਤੋਂ ਹੀ ਡੀਸੀ ਨੂੰ ਕੀਤੀ ਸੀ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਵੀਂ ਬਣੀ ਸੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵੀ ਪੂਰੇ ਜੋਸ਼ ਨਾਲ ਸ਼ੁਰੂ ਹੋ ਗਈ ਸੀ। ਡੀਸੀ ਨੇ ਅਗਲੇਰੀ ਜਾਂਚ ਏਡੀਸੀ ਵਰਿੰਦਰਪਾਲ ਨੂੰ ਵੀ ਸੌਂਪ ਦਿੱਤੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ, ਇਸ ਮਾਮਲੇ ਦੀ ਜਾਂਚ ਲਈ ਦੁਬਾਰਾ ਐਸਆਈਟੀ ਗਠਿਤ ਕੀਤੀ ਗਈ, ਜਿਸ ਨੇ ਸਾਰੇ ਵੀਹ ਵਿਅਕਤੀਆਂ ਵਿਰੁੱਧ ਧਾਂਦਲੀ ਦੀ ਧਾਰਾ 420 ਵੀ ਜੋੜ ਦਿੱਤੀ।