Punjab News: ਅੰਮ੍ਰਿਤਸਰ ’ਚ ਗੁਮਟਾਲਾ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕਰਨ ਵਾਲੇ ਪੁਲਿਸ ਨੇ ਕੀਤੇ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮਾਂ ਕੋਲੋਂ 1 ਹੈਂਡ ਗ੍ਰਨੇਡ ਤੇ ਦੋ ਆਧੁਨਿਕ ਪਿਸਤੌਲ ਬਰਾਮਦ

Police arrest those who carried out grenade attack on Gumtala police post in Amritsar

 

 Punjab News: "ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮ੍ਰਿਤਸਰ ਨੇ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਇੱਕ ਵੱਡੀ ਕਾਰਵਾਈ ਕਰਦੇ ਹੋਏ, ਗੁਮਟਾਲਾ ਪੁਲਿਸ ਚੌਕੀ 'ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਇੱਕ ਤਰ੍ਹਾਂ ਦਾ ਨਾਰਕੋ-ਟੈਰਰ ਮਾਡਿਊਲ ਹੈ। ਇਸ ਕਾਰਵਾਈ ਵਿੱਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਸ਼ੀ ਅਮਰੀਕਾ ਸਥਿਤ ਅਤਿਵਾਦੀ ਹੈਪੀ ਪਾਸੀਆ ਅਤੇ ਡਰੱਗ ਤਸਕਰ ਸਰਵਣ ਭੋਲਾ ਨਾਲ ਜੁੜੇ ਹੋਏ ਹਨ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਿਰਸਾ ਦੇ ਰਹਿਣ ਵਾਲੇ ਬੱਗਾ ਸਿੰਘ ਅਤੇ ਅੰਮ੍ਰਿਤਸਰ ਦਿਹਾਤੀ ਦੇ ਰਹਿਣ ਵਾਲੇ ਪੁਸ਼ਕਰ ਸਿੰਘ ਉਰਫ਼ ਸਾਗਰ ਵਜੋਂ ਹੋਈ ਹੈ। ਇਨ੍ਹਾਂ ਦੋਵਾਂ ਨੇ 9 ਜਨਵਰੀ, 2025 ਨੂੰ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕੀਤਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਰਾਜ ਵਿੱਚ ਦਹਿਸ਼ਤ ਫੈਲਾਉਣ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦੇ ਇਰਾਦੇ ਨਾਲ ਕੀਤਾ ਗਿਆ ਸੀ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਬੱਗਾ ਸਿੰਘ ਨਸ਼ਾ ਤਸਕਰ ਸਰਵਣ ਭੋਲਾ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਸਰਵਣ ਭੋਲਾ ਤਸਕਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ, ਜੋ ਇਸ ਸਮੇਂ 532 ਕਿਲੋ ਹੈਰੋਇਨ ਕੇਸ ਵਿੱਚ ਬਠਿੰਡਾ ਜੇਲ ਵਿੱਚ ਬੰਦ ਹੈ। ਇਹ ਮਾਡਿਊਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਰਾਹੀਂ ਅਤਿਵਾਦੀ ਗਤੀਵਿਧੀਆਂ ਨੂੰ ਫੰਡ ਦੇ ਰਿਹਾ ਸੀ।

ਪੁਲਿਸ ਨੇ ਮੁਲਜ਼ਮਾਂ ਤੋਂ ਇੱਕ ਹੈਂਡ ਗ੍ਰਨੇਡ, ਦੋ ਆਧੁਨਿਕ ਪਿਸਤੌਲ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਕਈ ਸ਼ੱਕੀ ਦਸਤਾਵੇਜ਼ ਅਤੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ। ਹੁਣ ਮੋਬਾਈਲ ਦੀ ਫੋਰੈਂਸਿਕ ਜਾਂਚ ਕੀਤੀ ਜਾਵੇਗੀ, ਤਾਂ ਜੋ ਵਿਦੇਸ਼ਾਂ ਅਤੇ ਭਾਰਤ ਵਿੱਚ ਨੈੱਟਵਰਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।

ਇਨ੍ਹਾਂ ਹਮਲਿਆਂ ਪਿੱਛੇ ਹੈਪੀ ਪਾਸੀਅਨ, ਜੋ ਅਮਰੀਕਾ ਸਥਿਤ ਇੱਕ ਨੈੱਟਵਰਕ ਚਲਾਉਂਦਾ ਹੈ। ਉਹ ਇੱਕ ਬਦਨਾਮ ਅਤਿਵਾਦੀ ਹੈ, ਜੋ ਵਿਦੇਸ਼ੀ ਧਰਤੀ ਤੋਂ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਚਲਾ ਰਿਹਾ ਹੈ। ਜਦੋਂ ਕਿ ਸਰਵਣ ਭੋਲਾ ਇੱਕ ਵੱਡਾ ਨਸ਼ਾ ਤਸਕਰ ਹੈ। ਜਿਸ ਦਾ ਨੈੱਟਵਰਕ ਹਰਿਆਣਾ, ਪੰਜਾਬ ਅਤੇ ਹੋਰ ਰਾਜਾਂ ਤਕ ਫੈਲਿਆ ਹੋਇਆ ਹੈ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਨਾਰਕੋ-ਟੈਰਰ ਮਾਡਿਊਲ ਅਤਿਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚਕਾਰ ਡੂੰਘੇ ਸਬੰਧ ਨੂੰ ਉਜਾਗਰ ਕਰਦਾ ਹੈ। ਇਸ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ।"