ਕਰਨਾਟਕ 'ਚ ਸੜਕ ਹਾਦਸੇ ਦੌਰਾਨ ਮਲੋਟ ਦੇ ਇੰਜੀਨੀਅਰ ਦੀ ਮੌਤ
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Malout engineer Abhir Narula dies in Karnataka
ਮਲੋਟ ਨਿਵਾਸੀ ਇੱਕ ਨੌਜਵਾਨ ਸਾਫਟਵੇਅਰ ਇੰਜੀਨੀਅਰ ਦੀ ਕਰਨਾਟਕ ਵਿੱਚ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਲੋਟ ਨਿਵਾਸੀ ਅਭੀਰ ਨਰੂਲਾ (25) ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਸੋਮਵਾਰ ਸਵੇਰੇ ਕਰੀਬ ਛੇ ਵਜੇ ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਵਾਪਰਿਆ। ਦੱਸਿਆ ਗਿਆ ਹੈ ਕਿ ਅਭੀਰ ਆਪਣੇ ਸਾਥੀਆਂ ਸਮੇਤ ਤਟਵਰਤੀ ਖੇਤਰਾਂ ਦੀ ਯਾਤਰਾ ਤੋਂ ਬਾਅਦ ਬੈਂਗਲੁਰੂ ਵੱਲ ਵਾਪਸ ਆ ਰਿਹਾ ਸੀ।
ਇਸ ਦੌਰਾਨ ਉਨ੍ਹਾਂ ਦੀ ਕਾਰ ਇੱਕ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਭੀਰ ਨਰੂਲਾ, ਅਨਿਕੇਤ ਅਤੇ ਸਨਮੁਖਥੀ (35) ਵਜੋਂ ਹੋਈ ਹੈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦਿਆਂ ਹੀ ਮਲੋਟ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਅਭੀਰ ਨਰੂਲਾ ਦੇ ਪਿਤਾ ਪ੍ਰੋ. ਰਾਜੇਸ਼ ਨਰੂਲਾ ਵਰਤਮਾਨ ਸਮੇਂ ਜਲੰਧਰ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।