ਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਟੀਮਾਂ ਦਾ ਗਠਨ'

Iwe, ekewe polis lon Mohali ra makkei eu case ngeni ewe chon föföringau itan Goldy Brar.

ਮੋਹਾਲੀ: ਮੋਹਾਲੀ ਪੁਲਿਸ ਵੱਲੋਂ ਵਿਦੇਸ਼ ਵੱਸਦੇ ਗੈਂਗਸਟਰ ਅਤੇ ਹੈਂਡਲਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਐਫ਼ ਆਈ ਆਰ ਦਰਜ ਕੀਤੀ ਗਈ ਹੈ। ਗੁਰਵਿੰਦਰ ਸਿੰਘ ਨੂੰ ਅੱਜ ਬਾਅਦ ਦੁਪਹਿਰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਮੋਹਾਲੀ ਦੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਘਟਨਾ ਦੇ ਵੇਰਵੇ ਸਾਂਝੇ ਕਰਦਿਆਂ ਡੀ ਆਈ ਜੀ ਰੂਪਨਗਰ ਰੇਂਜ ਨਾਨਕ ਸਿੰਘ ਨੇ ਐੱਸ ਐੱਸ ਪੀ ਐੱਸ ਏ ਐੱਸ ਨਗਰ ਹਰਮਨਦੀਪ ਸਿੰਘ ਹਾਂਸ ਦੀ ਮੌਜੂਦਗੀ ਵਿੱਚ ਕਿਹਾ ਕਿ ਇਹ ਵਾਕਿਆ ਅੱਜ ਕਰੀਬ 3 ਵਜੇ ਵਾਪਰਿਆ। ਇੱਕ ਅਣਪਛਾਤੇ ਹਮਲਾਵਰ ਨੇ ਗੁਰਵਿੰਦਰ ਸਿੰਘ ਉਰਫ਼ ਲੰਬੜ, ਪੁੱਤਰ ਅਵਤਾਰ ਸਿੰਘ, ਵਾਸੀ ਪਿੰਡ ਰੁੜਕੀ ਪੁਖ਼ਤਾ, ਥਾਣਾ ਸਦਰ ਖਰੜ, ਨੂੰ ਉਸ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਦੋਂ ਉਹ ਡੀ ਏ ਸੀ ਮੋਹਾਲੀ ਦੇ ਨੇੜੇ ਏ ਸੀ ਸੀ ਹਾਊਸਿੰਗ ਸੋਸਾਇਟੀ ਬਾਹਰ ਸੜਕ ‘ਤੇ ਖੜ੍ਹੀ ਆਪਣੀ ਕਾਰ ਦੀ ਡਿੱਕੀ ਖੋਲ੍ਹ ਰਿਹਾ ਸੀ।

ਡੀ ਆਈ ਜੀ ਨਾਨਕ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਮ੍ਰਿਤਕ ਅੱਜ ਜ਼ਿਲ੍ਹਾ ਅਦਾਲਤ, ਮੋਹਾਲੀ ਵਿੱਚ ਥਾਣਾ ਖਰੜ ਵਿੱਚ ਦਰਜ ਐਫ਼ ਆਈ ਆਰ ਨੰਬਰ 281/24, ਧਾਰਾ 18 ਐਨ ਡੀ ਪੀ ਐਸ ਐਕਟ,  ਸਬੰਧੀ ਮਾਮਲੇ ਦੀ ਸੁਣਵਾਈ ਲਈ ਪਹੁੰਚਿਆ ਸੀ। ਅਦਾਲਤੀ ਕਾਰਵਾਈ ਤੋਂ ਬਾਅਦ ਜਦੋਂ ਗੁਰਵਿੰਦਰ ਸਿੰਘ ਆਪਣੀ ਪਤਨੀ ਨਾਲ ਕਾਰ ਵੱਲ ਵਧਿਆ ਤਾਂ ਪਹਿਲਾਂ ਤੋਂ ਮੌਕੇ ‘ਤੇ ਮੌਜੂਦ ਹਮਲਾਵਰ ਨੇ ਉਸ ‘ਤੇ ਕਈ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ ਦੇ ਆਧਾਰ ‘ਤੇ ਥਾਣਾ ਸੋਹਾਣਾ ਵਿੱਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103(1), 61(2) ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾਰ ਖ਼ਿਲਾਫ਼ ਮੁੱਢਲੇ ਤੌਰ ਤੇ ਕੇਸ ਦਰਜ ਕੀਤਾ ਗਿਆ ਹੈ।ਸ਼ਿਕਾਇਤਕਰਤਾ (ਮ੍ਰਿਤਕ ਦੀ ਪਤਨੀ) ਅਨੁਸਾਰ ਗੁਰਵਿੰਦਰ ਸਿੰਘ ਨੂੰ ਗੋਲਡੀ ਬਰਾੜ ਵੱਲੋਂ ਧਮਕੀਆਂ ਮਿਲ ਰਹੀਆਂ ਸਨ ਕਿਉਂਕਿ ਉਹ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਸੀ, ਜੋ ਕਿ ਗੋਲਡੀ ਬਰਾਰ ਦਾ ਰਿਸ਼ਤੇਦਾਰੀ ਚੋਂ ਭਰਾ ਸੀ।

ਡੀ ਆਈ ਜੀ ਨਾਨਕ ਸਿੰਘ ਨੇ ਕਿਹਾ ਕਿ “ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਲਈ ਤਕਨੀਕੀ ਜਾਂਚ, ਵਿਗਿਆਨਕ ਜਾਂਚ ਅਤੇ ਹਿਊਮਨ ਇੰਟੈਲੀਜੈਂਸ ਤਹਿਤ ਕੰਮ ਕਰਨ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ।”