'ਬੰਦੀ ਸਿੰਘਾਂ ਦੀ ਰਿਹਾਈ ਲਈ ਧਰਨਾ 9 ਮਾਰਚ ਨੂੰ ਬੁੜੈਲ ਜੇਲ ਮੁਹਰੇ ਦਿਤਾ ਜਾਵੇਗਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਬੱਤ ਖ਼ਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਸਿੱਖ ਕੌਮ ਦੀਆਂ ਦਰਪੇਸ਼ ਸਮਸਿਆਵਾਂ ਦੇ ਹੱਲ ਅਤੇ ਹਿੰਦੋਸਤਾਨ.......

Bhai Jagtar Singh Hawara

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਸਰਬੱਤ ਖ਼ਾਲਸਾ ਵਲੋਂ ਸ੍ਰੀ ਅਕਾਲ ਤਖ਼ਤ ਦੇ ਥਾਪੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਸਿੱਖ ਕੌਮ ਦੀਆਂ ਦਰਪੇਸ਼ ਸਮਸਿਆਵਾਂ ਦੇ ਹੱਲ ਅਤੇ ਹਿੰਦੋਸਤਾਨ ਦੇ  ਵੱਖ ਵੱਖ ਸੂਬਿਆਂ ਦੀਆਂ ਜੇਲਾਂ ਵਿਚ ਨਜ਼ਰਬੰਦ ਸਜ਼ਾਵਾਂ ਭੁਗਤ ਚੁੱਕੇ ਸਿੱਖ ਨੋਜੁਆਨਾਂ ਦੀਆਂ ਰਿਹਾਈਆਂ ਲਈ ਪੰਜ ਮੈਂਬਰੀ ਕਮੇਟੀ ਵਲੋਂ ਜੋ ਕਾਰਜ਼ ਆਰੰਭੇ ਗਏ ਹਨ ਦੇ ਲਈ ਸਮੁੱਚੇ ਸਿੱਖ ਪੰਥ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਮੀਡੀਆ ਨੂੰ ਦਿਤੀ ਜਾਣਕਾਰੀ ਵਿਚ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬੁਲਾਰਾ ਅਮਰ ਸਿੰਘ ਚਾਹਲ ਨੇ ਦਸਿਆ ਕਿ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਕੀਤੀ ਗਈ

ਜਿਸ ਵਿਚ ਉਨ੍ਹਾਂ (ਅਮਰ ਸਿੰਘ ਚਾਹਲ) ਸਮੇਤ ਭਾਈ ਨਰਾਇਣ ਸਿੰਘ ਚੌੜਾ, ਪ੍ਰੋ. ਬਲਜਿੰਦਰ ਸਿੰਘ, ਮਾਸਟਰ ਸੰਤੋਖ ਸਿੰਘ ਅਤੇ ਗੁਰਚਰਨ ਸਿੰਘ ਪਟਿਆਲਾ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦਸਿਆ ਕਿ ਮੀਟਿੰਗ ਵਿਚ ਸਭ ਤੋਂ ਪਹਿਲਾਂ 20 ਫ਼ਰਵਰੀ ਨੂੰ ਅੰਮ੍ਰਿਤਸਰ ਦੀ ਜੇਲ ਅੱਗੇ ਧਰਨਾ ਦੇਣ ਵਾਲੀ ਸੰਗਤ ਦਾ ਧੰਨਵਾਦ ਕੀਤਾ ਅਤੇ ਦਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਕ੍ਰਮਵਾਰ ਪੰਜਾਬ ਤੇ ਚੰਡੀਗੜ੍ਹ ਦੀ ਜੇਲ ਦੇ ਬਾਹਰ ਸ਼ਾਂਤ ਮਈ ਢੰਗ ਨਾਲ ਧਰਨਾ ਦਿਤਾ ਜਾ ਰਿਹਾ ਹੈ ਨੂੰ ਅੱਗੇ ਤੋਰਦਿਆਂ ਹੁਣ 9 ਮਾਰਚ 2019 ਨੂੰ ਦੁਪਹਿਰ 12 ਵਜ਼ੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜ਼ੇ ਤੱਕ ਚੰਡੀਗੜ੍ਹ ਦੀ ਮਾਡਰਨ ਜ਼ੇਲ੍ਹ ਬੁੜੈਲ ਦੇ ਅੱਗੇ ਧਰਨਾ ਦਿੱਤਾ ਜਾਵੇਗਾ।

ਜਿਸ ਵਿਚ ਸ਼ਮੂਲੀਅਤ ਕਰਨ ਲਈ ਸਮੁਚੀ ਨਾਨਕ ਨਾਮ ਲੇਵਾ ਸੰਗਤ, ਪੰਥ ਦਰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਸਮੇਂ ਸਿਰ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਸ. ਚਾਹਲ ਨੇ ਦਸਿਆ ਕਿ 17 ਮਾਰਚ 2019 ਨੂੰ ਪੰਜਾਬ ਦੀ ਨਾਭਾ ਜੇਲ ਅੱਗੇ ਧਰਨਾ ਦਿਤਾ ਜਵੇਗਾ ਜਿਸ ਦੇ ਪ੍ਰੋਗ੍ਰਾਮ ਦੀ ਜਾਣਕਾਰੀ 9 ਮਾਰਚ ਨੂੰ ਚੰਡੀਗੜ੍ਹ ਬੁੜੈਲ ਜੇਲ ਦੇ ਧਰਨੇ ਸਮੇਂ ਦੱਸ ਦਿਤਾ ਜਾਵੇਗਾ।

ਉਨ੍ਹਾਂ ਦਸਿਆ ਕਿ 24 ਮਾਰਚ 2019 ਨੂੰ ਹਰਿਆਣਾ ਦੇ ਪਿੰਡ ਠਸੱਕਾ ਅਲੀ ਵਿਖੇ ਭਾਈ ਗੁਰਬਖ਼ਸ਼ ਸਿੰਘ ਦੀ ਬਰਸੀ ਵਿਚ ਸ਼ਮੂਲੀਅਤ ਕਰਨ ਲਈ ਵੀ ਸਿੱਖ ਪੰਥ ਨੂੰ ਬੇਨਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਥੇਦਾਰ ਹਵਾਰਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਲੋਂ ਬੀਤੀ 27 ਜਨਵਰੀ ਨੂੰ ਗੁ. ਸਾਹਿਬ ਸ਼ਾਹਪੁਰ, ਸੈਕਟਰ 38 ਬੀ, ਚੰਡੀਗੜ੍ਹ ਵਿਖੇ ਹੋਈ ਪੰਥਕ ਨੁਮਾਇੰਦਿਆਂ ਦੀ ਇਕੱਤਰਤਾ ਵਿਚ ਜੋ ਐਲਾਨਨਾਮੇ ਕੀਤੇ ਗਏ ਸਨ ਉਨ੍ਹਾਂ ਦੀ ਪੂਰਤੀ ਲਈ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਅਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।