ਹਿੰਦ-ਪਾਕਿ ਅਟਾਰੀ ਸਰਹੱਦ 'ਤੇ ਬੇਹੱਦ ਤਣਾਅ: ਸਮਝੌਤਾ ਐਕਸਪ੍ਰੈੱਸ ਰੇਲ ਗੱਡੀ, ਦਿੱਲੀ-ਲਾਹੌਰ ਬੱਸ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਕਾਂਡ ਵਿਰੋਧ ਭਾਰਤ ਵਲੋਂ ਸਰਜੀਕਲ ਅਪਰੇਸ਼ਨ ਕਰਨ ਉਪਰੰਤ ਹਿੰਦ-ਪਾਕਿ ਸਬੰਧ ਬੇਹੱਦ ਤਣਾਅ ਭਰੇ ਹਨ

Samjhauta Express Train

ਅੰਮ੍ਰਿਤਸਰ : ਪੁਲਵਾਮਾ ਕਾਂਡ ਵਿਰੋਧ ਭਾਰਤ ਵਲੋਂ ਸਰਜੀਕਲ ਅਪਰੇਸ਼ਨ ਕਰਨ ਉਪਰੰਤ ਹਿੰਦ-ਪਾਕਿ ਸਬੰਧ ਬੇਹੱਦ ਤਣਾਅ ਭਰੇ ਹਨ । ਸਰਹੱਦੀ ਖੇਤਰ ਵਿਚ ਵਸਦੇ ਪਿੰਡਾਂ ਦੇ ਲੋਕਾਂ ਵਿਚ ਭਾਰੀ ਦਹਿਸ਼ਤ ਹੈ ਜੋ ਯੁੱਧ ਨਾ ਹੋਣ ਦੀ ਅਪੀਲ ਦੋਹਾਂ ਮੁਲਕਾਂ ਨੂੰ ਕਰ ਰਹੇ ਹਨ । ਪਾਕਿ ਨੇ ਅਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਚਿਤਾਵਨੀ ਦਿਤੀ ਹੈ । ਪਾਕਿ ਨੂੰ ਡਰ ਹੈ ਕਿ ਭਾਰਤ ਪਾਇਲਟ ਛਡਵਾਉਣ ਲਈ ਪਾਕਿਸਤਾਨੀ ਨਾਗਰਿਕ ਅਗਵਾ ਕਰ ਸਕਦਾ ਹੈ । ਪਾਕਿ ਨੇ ਸਮਝੌਤਾ ਐਕਸਪਰੈਸ ਰੇਲ ਗੱਡੀ ਅਤੇ ਦਿੱਲੀ –ਲਾਹੌਰ ਬੱਸ ਬੰਦ ਕਰ ਦਿਤੀ ਹੈ ।

ਅੱਜ ਅਟਾਰੀ ਸਰਹੱਦ ਤੇ ਪਹਿਲਾਂ ਵਾਗ ਦੋਹਾਂ ਮੁਲਕਾਂ ਦੀ ਰੀਟਰਟੀ ਸੈਰੇਮਨੀ ਬੜੇ ਗੁਸੈਲ ਮੂਡ ਵਿਚ ਹਿੰਦ ਪਾਕਿ ਜਵਾਨਾਂ ਵਲੋਂ ਕੀਤੀ ਗਈ । ਪਰ ਦਰਸ਼ਕ ਗੈਲਰੀ ਵਿਚ 2 ਹਜ਼ਾਰ ਦੇ ਕਰੀਬ ਹੀ ਲੋਕ ਆਏ, ਜਿੱਥੇ ਹਜਾਰਾਂ ਸੈਲਾਨੀ ਪੁੱਜਦੇ ਸਨ । ਬੀ ਐਸ ਐਫ਼ ਨੇ ਕਿਸਾਨਾਂ ਨੂੰ ਕੰਡਿਆਲੀ ਤਾਰ ਤੋਂ ਪਾਰ ਖੇਤਾਂ 'ਚੋਂ ਨਾ ਜਾਣ ਦੀ ਸਲਾਹ ਦਿਤੀ ਹੈ। ਮੀਡੀਆ ਨੂੰ ਰਿਟਰੀਟ ਸੈਰੇਮਨੀ ਵਾਲੀ ਥਾਂ ਤੇ ਨਾ ਜਾਣ ਦੀ ਰੋਕ ਲਾ ਦਿਤੀ ਹੈ । ਉਕਤ ਹਮਲੇ ਤੋਂ ਬਾਅਦ ਭਾਰਤੀ ਸੈਨਾ ਮੁਖੀ ਨੇ ਡੀਜੀ ਬੀਐੱਸਐੱਫ਼ ਨੂੰ ਮੁਸਤੈਦ ਰਹਿਣ ਲਈ  ਹੁਕਮ ਦਿਤੇ ਹਨ।  

ਜਿਸ ਤੋਂ ਬਾਅਦ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ 'ਤੇ ਤਾਇਨਾਤ  ਬੀਐੱਸਐੱਫ਼ ਜਵਾਨਾਂ ਦੀ ਸਰਹੱਦ 'ਤੇ ਨਫ਼ਰੀ ਅਤੇ ਚੌਕਸੀ ਵਧਾ ਦਿਤੀ ਹੈ। ਭਾਰਤ-ਪਾਕਿ ਦੋਹਾਂ  ਗੁਆਂਢੀ ਦੇਸ਼ਾ ਦੇ ਰੀਟਰੀਟ ਸੈਰੇਮਣੀ ਵਾਲੇ ਸਥਾਨ ਅਤੇ ਆਈਸੀਪੀ ਚੈੱਕ ਪੋਸਟ 'ਤੇ ਸਖ਼ਤ ਸੁਰੱਖਿਆ  ਪ੍ਰਬੰਧ ਕਰ ਦਿਤੇ ਗਏ ਹਨ। ਰੈੱਡ ਅਲੱਰਟ ਹੋਣ ਤੋਂ ਬਾਅਦ ਮੀਡੀਆ ਨੂੰ ਦੋਹਾਂ ਗੁਆਂਢੀ ਦੇਸ਼ਾ ਦੀ ਸਾਂਝੀ  ਰੀਟਰੀਟ ਸੈਰੇਮਣੀ ਵਾਲੇ ਸਥਾਨ ਜੇਸੀਪੀ ਵਲ ਨਹੀਂ ਜਾਣ ਦਿਤਾ ਗਿਆ ਅਤੇ ਸੈਲਾਨੀਆਂ ਦੀ ਵੀ ਸੰਘਣ  ਜਾਂਚ ਅਤੇ ਆਈ ਕਾਰਡ ਦੇਖ ਕੇ ਹੀ ਉਕਤ ਸਥਾਨ ਵਲ ਜਾਣ ਦਿਤਾ ਜਾ ਰਿਹਾ ਸੀ।

ਉਕਤ ਸਥਾਨ  ਵਲ ਜਾਣ ਵਾਲੀਆਂ ਗੱਡੀਆਂ ਨੂੰ ਵੀ ਬੀਐੱਸਐੱਫ ਦੇ ਜਵਾਨ, ਡਾਗ ਸੁਕੇਅਡ ਅਤੇ ਸੁਰੱਖਿਆ  ਏਜੰਸੀਆਂ ਬਰੀਕੀ ਨਾਲ ਚੈੱਕ ਕਰਕੇ ਅੰਦਰ ਭੇਜ ਰਹੀਆਂ ਸਨ ਤਾਂ ਕਿ ਕੋਈ ਅਣ-ਸੁਖਾਵੀਂ ਘਟਨਾਂ ਨਾ  ਵਾਪਰ ਸਕੇ। ਏਅਰ ਸਟ੍ਰਾਇਕ ਤੋਂ ਬਾਅਦ ਹਵਾਈ ਸੇਵਾਵਾਂ, ਸਮਝੌਤਾ ਰੇਲਗੱਡੀ ਅਤੇ ਦਿੱਲੀ ਲਾਹੌਰ  ਬੱਸ ਪਾਕਿਸਤਾਨ ਵਲੋਂ ਬੰਦ ਕਰ ਦਿਤੀ ਗਈ ਹੈ। ਸਮਝੌਤੇ ਤਹਿਤ ਪਾਕਿ ਦੀ ਪਾਕਿਸਤਾਨੀ ਬੱਸ ਅਤੇ  ਪਾਕਿਸਤਾਨੀ ਸਮਝੌਤਾ ਐਕਸਪ੍ਰੈੱਸ ਰੇਲਗੱਡੀ ਭਾਰਤ ਵਿਚ ਆ ਕੇ ਅੰਤਰਰਾਸ਼ਟਰੀ ਅਟਾਰੀ ਰੇਲਵੇ  ਸਟੇਸ਼ਨ ਰਸਤੇ ਇਕ ਦੂਜੇ ਦੇਸ਼ ਦੇ ਯਾਤਰੀਆਂ ਨੂੰ ਮੰਜ਼ਿਲ 'ਤੇ ਪਹੁੰਚਾਉਣ ਦਾ ਕੰਮ ਕਰਦੀਆਂ ਸਨ।

 ਭਾਰਤੀ ਪਾਇਲਟ ਨੂੰ ਪਾਕਿ ਨੇ ਫੜ ਲਏ ਹਨ । ਜਿਸ ਕਰਕੇ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ । ਉਨ੍ਹਾਂ ਨੂੰ   ਛਡਾਉਂਣ  ਲਈ ਦਿੱਲੀ ਲਾਹੌਰ ਬੱਸ ਅਤੇ ਸਮਝੌਤਾ ਰੇਲਗੱਡੀ ਵਿਚ ਆਏ ਪਾਕਿਸਤਾਨੀ ਯਾਤਰੀਆਂ ਨੂੰ ਫੜ ਕੇ  ਪਾਇਲਟ ਨੂੰ ਛਡਾਉੁਂਣ ਦਾ ਉਪਰਾਲਾ ਨਾ ਕੀਤਾ ਜਾਵੇ ਤਾਂ ਹੀ ਪਾਕਿ ਨੇ ਡਰਦੇ ਮਾਰੇ ਅਪਣੇ ਸਾਧਨ  ਬੰਦ ਕਰ ਲਏ ਹਨ ਅਤੇ ਪਾਕਿਸਤਾਨੀ ਯਾਤਰੀਆਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿਤੀ ਗਈ ਹੈ।  ਆਈਸੀਪੀ ਚੈੱਕ ਪੋਸਟ ਅਤੇ ਜੇਸੀਪੀ ਦੇ ਮੇਨ ਗੇਟਾਂ ਉੱਪਰ ਅਤਿ ਆਧੁਨਿਕ ਸੀਸੀਟੀਵੀ ਕੈਮਰੇ ਲਗਾ  ਦਿਤੇ ਗਏ ਹਨ ਤਾਂ ਕਿ ਹਰ ਸੈਲਾਨੀ 'ਤੇ ਨਜ਼ਰ ਰੱਖੀ ਜਾ ਸਕੇ।

ਡਿਫੈਂਸ ਡਰੇਨ ਅਟਾਰੀ ਉੱਪਰ ਸਬ  ਇੰਸਪੈਕਟਰ ਕਾਹਨਗੜ੍ਹ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਫੋਰਸ ਦਾ ਨਾਕਾ ਲਗਾਇਆ  ਗਿਆ, ਜਿਸ ਵਿੱਚ ਬੁਲਟ ਪਰੂਫ ਟਰੈਕਟਰ ਅਤੇ ਬੀਐੱਸਐਫ਼ ਦੀਆਂ ਗੱਡੀਆਂ 'ਤੇ ਐੱਲਐੱਮਜੀ ਮਸ਼ੀਨ, ਗੰਨਾਂ ਫਿੱਟ ਕਰਕੇ ਪੁਲਸ ਅਤੇ ਬੀਐੱਸਐੱਫ਼ ਸਾਂਝੀ ਡਿਊਟੀ ਨਿਭਾ ਰਹੇ ਸਨ ਅਤੇ ਹਰੇਕ ਗੱਡੀ ਦੀ ਜਾਂਚ  ਕੀਤੀ ਜਾ ਰਹੀ ਸੀ। ਪਾਕਿ 'ਚ ਜੈਸ਼ ਏ ਮੁਹੰਮਦ ਦੇ ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਸੈਨਾ ਵਲੋਂ  ਹਮਲਾ ਕਰਨ ਤੋਂ ਬਾਅਦ ਸਰਹੱਦ 'ਤੇ ਵਸੇ ਪਿੰਡਾਂ ਦੇ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੈ।

ਸਰਹੱਦ 'ਤੇ ਵਸੇ ਪਿੰਡ ਰਾਜਾਤਾਲ, ਦਾਉਕੇ, ਭੈਣੀ, ਭਰੋਭਾਲ,  ਮੁਹਾਵਾ, ਰੋੜਾਂਵਾਲਾ ਖੁਰਦ, ਨਸ਼ਹਿਰਾ ਢਾਲਾ, ਬੱਚੀਵਿੰਡ, ਮੋਦੇ, ਧੰਨੋਏ, ਧਾਰੀਵਾਲ ਅਤੇ ਪਿੰਡ ਰਾਣੀਆਂ  ਦੇ ਲੋਕਾਂ ਨੇ ਦਸਿਆ ਕਿ ਅੱਜ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬੀਐੱਸਐੱਫ਼ ਨੇ  ਓਧਰ ਨਹੀਂ ਜਾਣ ਦਿਤਾ, ਜਿਸ ਤੋਂ ਬਾਅਦ ਲੱਗਦਾ ਹੈ ਕਿ ਕਿਤੇ ਲੜਾਈ ਨਾ ਲੱਗ ਜਾਵੇ। ਉਕਤ ਪਿੰਡਾਂ ਦੇ ਲੋਕਾਂ ਨੇ ਦਸਿਆ ਕਿ ਉਨ੍ਹਾਂ ਨੂੰ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ ਕਿ ਪਿੰਡ ਛੱਡ ਕੇ ਸਾਡੇ ਕੋਲ ਆ ਜਾਓ। ਸਰਹੱਦ 'ਤੇ ਵੱਸੇ ਪਿੰਡਾਂ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ

ਕਿ ਉਨ੍ਹਾਂ ਨੇ 1965 ਅਤੇ  1971 ਦੀ ਜੰਗ ਪਿੰਡੇ 'ਤੇ ਹੰਢਾਈ ਹੈ ਪਰ ਉਹ ਹੁਣ ਇੱਥੇ ਹੀ ਰਹਿਣਗੇ ਭਾਵੇਂ ਜੋ ਮਰਜ਼ੀ ਹੋ ਜਾਵੇ। ਅਟਾਰੀ ਵਾਹਗਾ ਸਰਹੱਦ ਤੇ ਦੋਹਾਂ ਮੁਲਕਾਂ ਦਾ ਵਪਾਰ ਬੰਦ ਹੋਣ ਨਾਲ ਸਥਾਨਕ ਕੂਲੀਆਂ ਤੇ ਮਜਦੂਰਾਂ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੱਕਾਂ ਵਾਲਿਆਂ ਨੂੰ ਵੀ ਕਰੋੜਾਂ ਦਾ ਘਾਟਾ ਪੈ ਗਿਆ ਹੈ । ਭਾਰਤੀ ਵਪਾਰੀਆਂ ਦਾ ਪੈਸਾ ਕਰੋੜਾਂ  ਵਿੱਚ ਹੈ ਜੋ ਕਲੇਸ਼ ਕਾਰਨ ਹਾਲ ਦੀ ਘੜੀ ਡੁੱਬ ਚੁੱਕਾ ਹੈ ।