ਰਾਜਪਾਲ ਦੇ ਭਾਸ਼ਣ ਨਾਲ ਵਿਧਾਨ ਸਭਾ ਬਜਟ ਸੈਸ਼ਨ ਦੀ ਹੋਵੇਗੀ ਸ਼ੁਰੂਆਤ 

ਏਜੰਸੀ

ਖ਼ਬਰਾਂ, ਪੰਜਾਬ

ਰਾਜਪਾਲ ਦੇ ਭਾਸ਼ਣ ਨਾਲ ਵਿਧਾਨ ਸਭਾ ਬਜਟ ਸੈਸ਼ਨ ਦੀ ਹੋਵੇਗੀ ਸ਼ੁਰੂਆਤ 

image

ਸੱਤਾਧਾਰੀ ਕਾਂਗਰਸ ਵੀ ਵਿਰੋਧ ਕਰਨ ਦੇ ਰੌਂਅ ਵਿਚ


ਚੰਡੀਗੜ੍ਹ, 27 ਫ਼ਰਵਰੀ (ਜੀ.ਸੀ.ਭਾਰਦਵਾਜ): ਭਾਰਤ ਦੇ ਸੰਵਿਧਾਨ ਮੁਤਾਬਕ ਸਾਰੇ ਮੁਲਕ ਵਿਚ ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਸਾਲਾਨਾ ਇਜਲਾਸਾਂ ਦੀ ਸ਼ੁਰੂਆਤ ਵੇਲੇ ਰਾਜ ਦੇ ਮੁਖੀ ਰਾਜਪਾਲ ਹੀ ਉਥੋਂ ਦੀ ਸਰਕਾਰ ਵਲੋਂ ਤਿਆਰ ਕੀਤੇ ਭਾਸ਼ਣ ਨੂੰ  ਲੋਕ ਨੁਮਾਇੰਦਿਆਂ ਯਾਨੀ ਵਿਧਾਇਕਾਂ ਸਾਹਮਣੇ ਪੜ੍ਹਦੇ ਹਨ | ਇਸ ਭਾਸ਼ਣ ਵਿਚ ਅਕਸਰ ਉਥੋਂ ਦੀ ਸਰਕਾਰ ਤੇ ਸੱਤਾਧਾਰੀ ਪਾਰਟੀ ਦੀਆਂ ਨੀਤੀਆਂ ਅਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਜਦੋਂ ਕਿ ਵਿਰੋਧੀ ਧਿਰਾਂ, ਰੋਸ ਵਜੋਂ, ਨਾਹਰੇ ਲਾਉਂਦੇ, ਵਾਕ ਆਊਟ ਕਰਦੇ ਜਾਂ ਸਮਾਨੰਤਰ ਭਾਸ਼ਣ ਕਰਦੇ ਹਨ ਪਰ ਸੱਤਾਧਾਰੀ ਪਾਰਟੀ ਹਮੇਸ਼ਾ ਰਾਜਪਾਲ ਨੂੰ  ਸੱਭ ਤੋਂ ਵੱਧ ਸਤਿਕਾਰ ਦਿੰਦੀ ਹੈ | 
ਭਾਸ਼ਣ ਦੇਣ ਤੋਂ ਪਹਿਲਾਂ ਰੈੱਡ ਕਾਰਪਟ ਸਵਾਗਤ ਕਰਨ, ਸੁਰੱਖਿਆ ਬਲਾਂ ਵਲੋਂ ਸਲਾਮੀ ਅਤੇ ਸਪੀਕਰ ਤੇ ਮੁੱਖ ਮੰਤਰੀ ਦੋਵੇਂ ਰਾਜਪਾਲ ਨੂੰ  ਵਿਧਾਨ ਸਭਾ ਹਾਲ ਵਿਚ ਲੈ ਕੇ ਆਉਂਦੇ ਹਨ | ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਰਸੋਂ ਸੋਮਵਾਰ 11 ਵਜੇ, ਗਵਰਨਰ ਵੀ.ਪੀ. ਸਿੰਘ ਬਦਨੌਰ ਵਲੋਂ ਪੜ੍ਹੇ ਜਾਣ ਵਾਲੇ ਭਾਸ਼ਣ ਤੋਂ ਪਹਿਲਾਂ ਤੇ ਬਾਅਦ ਵਿਚ ਸੱਤਾਧਾਰੀ ਕਾਂਗਰਸ ਦੇ ਰਾਜ ਭਵਨ ਨੂੰ  ਘੇਰਨ ਤੇ ਰਾਜਪਾਲ ਦੀ ਤੌਹੀਨ ਕਰਨ ਦੇ ਐਲਾਨ ਨੇ ਸਿਆਸੀ ਤੇ ਸਮਾਜਕ ਖੇਤਰ ਵਿਚ ਐਤਕੀਂ ਉਥਲ ਪੁਥਲ ਮਚਾਈ ਹੋਈ ਹੈ | 
ਰੋਜ਼ਾਨਾ ਸਪੋਕਸਮੈਨ ਵਲੋਂ ਇਸ ਗ਼ੈਰ ਕਾਨੂੰਨੀ, ਅਨੈਤਿਕ ਅਤੇ ਕਰਨ ਵਾਲੀ ਇਤਿਹਾਸਕ ਗ਼ਲਤੀ ਬਾਰੇ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ  ਪੁਛਿਆ ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਕਾਂਗਰਸੀ ਲੀਡਰਾਂ, ਵਿਧਾਇਕਾਂ ਤੇ ਹੋਰ ਵਰਕਰਾਂ ਵਲੋਂ ਅਪਣੇ ਹੀ ਰਾਜਪਾਲ ਦੀ ਤੌਹੀਨ ਇਸ ਕਰ ਕੇ ਕਰਨੀ ਪੈ ਰਹੀ ਹੈ ਕਿ ਕੇਂਦਰ ਸਰਕਾਰ ਵਲੋਂ ਪਟਰੌਲ, ਡੀਜ਼ਲ ਦੀਆਂ ਕੀਮਤਾਂ ਬੇਤਹਾਸ਼ਾ ਵਧਾਉਣ ਵਿਰੁਧ ਇਹ ਰੋਸ ਪ੍ਰਗਟਾਇਆ ਜਾਵੇਗਾ | ਜਾਖੜ ਨੇ ਕਿਹਾ ਕਿ ਹਾਊਸ ਅੰਦਰ ਤੇ ਬਾਹਰ ਕਾਂਗਰਸੀ ਵਿਧਾਇਕ ਡੱਟ ਕੇ ਰੌਲਾ ਪਾਉਣਗੇ ਕਿਉਂਕਿ ਕਾਂਗਰਸ ਪਾਰਟੀ ਅਤੇ ਇਸ ਦੀ ਪੰਜਾਬ ਸਰਕਾਰ, ਕੇਂਦਰ ਦੇ ਮਹਿੰਗਾਈ ਤੇ ਹੋਰ ਗ਼ਲਤ ਫ਼ੈਸਲਿਆਂ ਦੇ ਵਿਰੋਧ ਵਿਚ ਅੰਦੋਲਨ ਜਾਰੀ ਰੱਖੇਗੀ |
ਇਸ ਮੁੱਦੇ 'ਤੇ ਜਦੋਂ ਸੀਨੀਅਰ ਨੇਤਾ ਤੇ ਮੰਡੀ ਬੋਰਡ ਦੇ ਚੇਅਰਮੈਨ ਕੈਬਨਿਟ ਰੈਂਕ ਲਾਲ ਸਿੰਘ ਤੋਂ ਰੋਜ਼ਾਨਾ ਸਪੋਕਸਮੈਨ ਨੇ ਵਿਚਾਰ ਜਾਣੇ ਤਾਂ ਉਨ੍ਹਾਂ ਮੰਨਿਆ ਕਿ ਭਾਵੇਂ ਸਿਆਸੀ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਸਰਕਾਰ ਤੇ ਸੂਬੇ ਦੇ ਹੈੱਡ ਵਿਰੋਧੀ, ਸੱਤਾਧਾਰੀ ਪਾਰਟੀ ਖ਼ੁਦ ਹੀ ਗ਼ਲਤ ਨਵੀਂ ਪਿਰਤ ਪਾਵੇਗੀ ਪਰ ਇਹ ਤਾਂ ਮੋਦੀ ਸਰਕਾਰ ਨੂੰ  ਲੋਕਾਂ ਦਾ ਗੁੱਸਾ ਦਿਖਾਉਣ ਲਈ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਉਹ ਪਾਰਟੀ ਨਾਲ ਹਨ | ਵਿਧਾਨ ਸਭਾ ਸਪੀਕਰ, ਰਾਣਾ ਕੇ.ਪੀ. ਸਿੰਘ ਨਾਲ ਜਦੋਂ ਇਸ ਮੁੱਦੇ ਉਤੇ ਵਾਪਰਨ ਵਾਲੀ ਅਣ-ਸੁਖਾਵੀ ਘਟਨਾ ਬਾਰੇ ਅਗਾਊਾ ਵਿਚਾਰ ਜਾਣਨੇ ਚਾਹੇ ਤਾਂ ਉਨ੍ਹਾਂ ਕਿਹਾ ਕਿ ਜਿਸ ਰਾਜਪਾਲ ਦੇ ਹੁਕਮ 'ਤੇ ਸੈਸ਼ਨ ਬੁਲਾਇਆ ਜਾਂਦਾ ਹੈ, ਉਸ ਨੂੰ  ਮੁੱਖ ਮੰਤਰੀ ਤੇ ਸਪੀਕਰ ਖ਼ੁਦ ਦੋਨੋਂ ਨਾਲ ਲੈ ਕੇ ਹਾਊਸ ਵਿਚ ਪਹਿਲੇ ਦਿਨ ਸਵਾਗਤ ਕਰਨਗੇ, ਉਸੇ ਮੁਖੀ ਦੀ ਤੌਹਨ, ਰਾਜ ਸਰਕਾਰ ਤੇ ਉਸ ਦੇ ਵਿਧਾਇਕ ਕਿਵੇਂ ਕਰਨਗੇ? ਇਹ ਬਹੁਤ ਸ਼ਰਮਨਾਕ ਤੇ ਬੇਇੱਜ਼ਤੀ ਵਾਲੀ ਘਟਨਾ ਹੋਏਗੀ | 
ਹਿਮਾਚਲ ਪ੍ਰਦੇਸ਼ ਦੇ ਗਵਰਨਰ ਦੀ ਸ਼ੁਕਰਵਾਰ ਨੂੰ  ਸ਼ਿਮਲਾ ਵਿਧਾਨ ਸਭਾ ਵਿਚ ਭਾਸ਼ਣ ਉਪਰੰਤ ਵਿਰੋਧੀ ਧਿਰ ਵਿਧਾਇਕਾਂ ਨੂੰ  ਮੁਅੱਤਲ ਕੀਤੇ ਜਾਣ ਦੀ ਘਟਨਾ ਅਜੇ ਤਾਜ਼ਾ ਹੈ, ਇਸ ਸਬੰਧ ਵਿਚ ਰਾਣਾ ਕੇ.ਪੀ. ਸਿੰਘ ਨੇ ਕਿਹਾ ਪੰਜਾਬ ਕਾਂਗਰਸ ਦੇ ਵਿਧਾਇਕਾਂ ਨੂੰ  ਪ੍ਰਮਾਤਮਾ ਸੋਝੀ ਬਖ਼ਸ਼ੇ | ਇਸ ਮੁੱਦੇ ਉਤੇ ਜਦੋਂ 81 ਸਾਲਾ ਬੀ.ਜੇ.ਪੀ. ਨੇਤਾ ਤੇ ਸੰਸਦੀ ਮਾਮਲਿਆਂ ਦੇ ਮੰੰਤਰੀ ਰਹੇ ਮਦਨ ਮੋਹਨ ਮਿੱਤਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਫ਼-ਸਾਫ਼ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੀ.ਐਸ.ਟੀ. ਕੌਂਸਲ ਵਿਚ ਕੱੁਝ ਹੋਰ ਸੂਬਿਆਂ ਨਾਲ ਮੂਹਰੇ ਹੋ ਕੇ ਪਟਰੌਲ-ਡੀਜ਼ਲ ਨੂੰ  ਜੀ.ਐਸ.ਟੀ. ਤੋਂ ਬਾਹਰ ਰਖਵਾਇਆ, ਮਗਰੋਂ 18 ਫ਼ੀ ਸਦੀ ਦੀ ਥਾਂ 36 ਫ਼ੀ ਸਦੀ ਟੈਕਸ ਲਗਾਇਆ, ਸਰਕਾਰ ਦੇ ਖ਼ਰਚੇ ਘਟਾਉਣ ਦੀ ਥਾਂ ਪੰਜਾਬ ਵਿਚ ਰੇਤਾ-ਬਜਰੀ, ਸ਼ਰਾਬ ਦੀ ਗ਼ੈਰ-ਕਾਨੂੰਨੀ ਫ਼ੈਕਟਰੀਆਂ ਚਲਾ ਕੇ ਹਜ਼ਾਰਾਂ ਕਰੋੜਾਂ ਦੀ ਆਮਦਨ ਕਾਂਗਰਸ ਨੇਤਾਵਾਂ ਨੇ ਹੜੱਪ ਲਈ ਤੇ ਹੁਣ ਅਪਣੇ ਹੀ ਗਵਰਨਰ ਨੂੰ  ਵਿਧਾਨ-ਸਭਾ ਵਿਚ ਬੁਲਾ ਕੇ ਉਸ ਉਤੇ ਕੇਂਦਰ ਦਾ ਨੁਮਾਇੰਦੇ ਵਜੋਂ ਬੇਇੱਜ਼ਤ ਕਰਨਾ, ਕਾਂਗਰਸ ਦੀ ਬਜਰ ਗ਼ਲਤੀ ਹੋਵੇਗੀ | ਮਿੱਤਲ ਨੇ ਕਿਹਾ ਕਿ ਇਹ ਅਨੈਤਿਕ ਤੇ ਗ਼ੈਰ-ਸੰਵਿਧਾਨਕ ਹੋਵੇਗਾ ਅਤੇ ਸਪੀਕਰ ਨੂੰ  ਚਾਹੀਦਾ ਹੈ ਕਿ ਦੋਸ਼ੀ ਵਿਧਾਇਕਾਂ ਵਿਰੁਧ ਸਖ਼ਤ ਕਾਰਵਾਈ ਕਰਨ ਅਤੇ ਸਮੇਂ ਤੋਂ ਪਹਿਲਾਂ ਅਪੀਲ ਤੇ ਤਾੜਨਾ ਵੀ ਕੀਤੀ ਜਾਵੇ | 
ਰੋਜ਼ਾਨਾ ਸਪੋਕਸਮੈਨ ਵਲੋਂ ਕਈ ਹੋਰ, ਸਾਬਕਾ ਤੇ ਮੌਜੂਦਾ ਮੰਤਰੀਆਂ, ਵਿਧਾਇਕ ਤੇ ਪਾਰਟੀ ਨੇਤਾਵਾਂ ਸਮੇਤ ਅਕਾਲੀ ਦਲ, 'ਆਪ', ਕਾਂਗਰਸ ਦੇ ਮੈਂਬਰਾਂ ਅਤੇ ਸਿਆਸੀ ਮਾਹਰਾਂ ਦੇ ਵਿਚਾਰ ਜਾਣੇ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੀ ਨਾਕਾਮੀਆ ਨੂੰ  ਛੁਪਾਉਣ ਲਈ ਸਰਕਾਰ ਨੇ ਸੱਭ ਤੋਂ ਛੋਟਾ ਸੈਸ਼ਨ ਰਖਿਆ, ਰਾਜਪਾਲ ਦੀ ਸਾਹਮਣੇ ਤੋਂ ਤੌਹੀਨ ਕਰਨ ਦੀ ਵਿਉਂਤ ਬਣਾਈ ਤੇ ਕਿਸਾਨੀ ਸੰਘਰਸ਼ ਸਮੇਤ ਪਟਰੌਲ-ਡੀਜ਼ਲ ਕੀਮਤਾਂ ਦੇ ਵਾਧੇ ਦਾ ਬਹਾਨਾ ਕਰ ਕੇ, ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਬਾਕੀ ਸਿਆਸੀ ਦਲਾਂ ਨੂੰ  ਹਰਾਉਣ ਦਾ ਟੀਚਾ ਰਖਿਆ ਹੈ |

ਫ਼ੋਟੋ: ਜਾਖੜ, ਲਾਲ ਸਿੰਘ, ਰਾਣਾ ਕੇ.ਪੀ. ਸਿੰਘ, ਮਦਨ ਮੋਹਨ ਮਿੱਤਲ