ਜਗਰਾਉ ਪੁਲਿਸ ਨੇ ਹਥਿਆਰਾਂ ਸਮੇਤ ਲੁਟੇਰਾ ਗਰੋਹ ਕੀਤਾ ਕਾਬੂ
ਜਗਰਾਉ ਪੁਲਿਸ ਨੇ ਹਥਿਆਰਾਂ ਸਮੇਤ ਲੁਟੇਰਾ ਗਰੋਹ ਕੀਤਾ ਕਾਬੂ
ਜਗਰਾਉਂ, 27 ਫ਼ਰਵਰੀ (ਪਰਮਜੀਤ ਸਿੰਘ ਗਰੇਵਾਲ) : ਜਗਰਾਉਂ ਪੁਲਿਸ ਨੇ ਬੀਤੀ ਰਾਤ ਮੋਟਰਸਾਈਕਲ 'ਤੇ ਜਾ ਰਹੇ ਪਤੀ-ਪਤਨੀ ਨੂੰ ਰੋਕ ਕੇ ਹਥਿਆਰਾਂ ਦੀ ਨੋਕ 'ਤੇ ਉਨ੍ਹਾਂ ਨੂੰ ਲੁੱਟ ਕੇ ਭੱਜੇ ਨਾਮੀ ਗੈਂਗਸਟਰਾਂ ਦੇ ਗੈਂਗ ਨੂੰ ਕੁੱਝ ਘੰਟਿਆਂ ਵਿਚ ਹੀ ਗਿ੍ਫਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਚਾਰ ਮੈਂਬਰੀ ਗੈਂਗਸਟਰਾਂ ਦੇ ਗਰੋਹ ਕੋਲੋਂ ਦੋ ਪਿਸਟਲ ਤੇ ਲੁੱਟ ਦਾ ਸਾਮਾਨ ਵੀ ਬਰਾਮਦ ਹੋਇਆ | ਇਨ੍ਹਾਂ ਚਾਰਾਂ ਵਿਰੁਧ ਕਤਲ ਇਰਾਦਾ, ਕਤਲ ਸਮੇਤ ਸੰਗੀਨ ਧਰਾਵਾਂ ਤਹਿਤ 17 ਦੇ ਕਰੀਬ ਮੁਕੱਦਮੇ ਦਰਜ ਹਨ |
ਇਸ ਸਬੰਧੀ ਐਸਐਸਪੀ ਕੇਤਿਨ ਪਾਟਿਲ ਬਾਲੀਰਾਮ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਬੀਤੀ ਰਾਤ ਜਰਨੈਲ ਸਿੰਘ ਉਰਫ਼ ਜੈਲੀ ਵਾਸੀ ਅਖਾੜਾ ਅਪਣੀ ਪਤਨੀ ਨਾਲ ਜਗਰਾਉਂ ਤੋਂ ਪਿੰਡ ਵਾਪਸ ਜਾ ਰਿਹਾ ਸੀ | ਰਸਤੇ ਵਿਚ ਉਸ ਨੂੰ ਵਰਨਾ ਕਾਰ ਦੇ ਕੋਲ ਖੜੇ ਚਾਰ ਹਥਿਆਰਬੰਦਾਂ ਨੇ ਰੋਕ ਕੇ ਲੁੱਟ ਲਿਆ ਤੇ ਕੁੱਟਮਾਰ ਕਰਦੇ ਹੋਏ ਗੱਡੀ ਵਿਚ ਫ਼ਰਾਰ ਹੋ ਗਏ | ਪੀੜਤ ਜੋੜੇ ਦੀ ਸ਼ਿਕਾਇਤ 'ਤੇ ਸਰਗਰਮ ਹੋਈ ਜ਼ਿਲ੍ਹਾ ਪੁਲਿਸ ਨੇ ਥਾਂ-ਥਾਂ ਨਾਕੇਬੰਦੀ ਤੇ ਗਸ਼ਤ ਸ਼ੁਰੂ ਕਰ ਦਿਤੀ |
ਇਸੇ ਦੌਰਾਨ ਐਸ.ਪੀ. (ਡੀ ) ਗੁਰਦੀਪ ਸਿੰਘ ਦੀ ਜ਼ੇਰੇ ਨਿਗਰਾਨੀ ਹੇਠ ਜਗਰਾਉਂ ਸਬ-ਡਿਵੀਜ਼ਨ ਦੇ ਡੀਐਸਪੀ ਦਲਜੀਤ ਸਿੰਘ ਵਿਰਕ, ਡੀਐਸਪੀ (ਐਂਟੀ ਨਾਰਕੋਟਿਕ) ਹਰਸ਼ਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਪਿੰਡ ਟੂਸਾ ਨੇੜੇ ਵਰਨਾ ਕਾਰ ਨੂੰ ਘੇਰ ਕੇ ਹਥਿਆਰਾਂ ਨਾਲ ਲੈਸ ਗੈਂਗਸਟਰਾਂ ਨੂੰ ਕਾਬੂ ਕਰ ਲਿਆ | ਗਿ੍ਫ਼ਤਾਰ ਗੈਂਗਸਟਰ ਹਰਪ੍ਰੀਤ ਸਿੰਘ ਵਾਸੀ ਟੂਸਾ, ਕੁਲਦੀਪ ਸਿੰਘ ਵਾਸੀ ਲਹਿਰਾ, ਜਗਦੀਪ ਸਿੰਘ ਅਤੇ ਸੁਖਦੀਪ ਸਿੰਘ ਵਾਸੀਆਨ ਪਿੰਡ ਢੋਲਣ ਕੋਲੋਂ ਦੋ ਪਿਸਟਲ, 5 ਰੌਂਦ, 5600 ਰੁਪਏ, ਮੋਬਾਈਲ ਤੇ ਚਾਂਦੀ ਦਾ ਕੜਾ ਵੀ ਬਰਾਮਦ ਕਰ ਲਿਆ |
ਫੋਟੋ : ਜਗਰਾਉਂ