ਪੰਜਾਬ ਸਕੂਲ ਸਿਖਿਆ ਬੋਰਡ ਸਾਹਮਣੇ ਲਾਏ ਰੋਸ ਧਰਨੇ ਦੀ ਆਰੰਭਤਾ ਜਪੁਜੀ ਸਾਹਿਬ ਤੇ ਚੋਪਈ ਸਾਹਿਬ ਦੇ ਪਾਠ ਨਾਲ ਹੋਈ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਕੂਲ ਸਿਖਿਆ ਬੋਰਡ ਸਾਹਮਣੇ ਲਾਏ ਰੋਸ ਧਰਨੇ ਦੀ ਆਰੰਭਤਾ ਜਪੁਜੀ ਸਾਹਿਬ ਤੇ ਚੋਪਈ ਸਾਹਿਬ ਦੇ ਪਾਠ ਨਾਲ ਹੋਈ

image

ਐਸ.ਏ.ਐਸ ਨਗਰ, 28 ਫ਼ਰਵਰੀ (ਸੁਖਦੀਪ ਸਿੰਘ ਸੋਈਂ): ਪੰਜਾਬ ਸਕੂਲ ਸਿਖਿਆ ਬੋਰਡ ਸਾਹਮਣੇ ਲਾਏ ਰੋਸ ਧਰਨੇ ਦੇ ਵਿਸ਼ਾਲ ਇਕੱਠ ਵਿਚ ਵੱਖ-ਵੱਖ ਬੁਲਾਰਿਆਂ ਨੇ ਸਿੱਖ ਇਤਿਹਾਸ ਨੂੰ ਤੋੜਨ ਮਰੋੜਨ ਦੀ ਇਕ ਡੂੰਘੀ ਸਾਜ਼ਸ਼ ਦਸਦਿਆਂ ਪੁਰਜ਼ੋਰ ਮੰਗ ਕੀਤੀ ਕਿ ਇਸ ਦਾ ਪਰਦਾਫ਼ਾਸ਼ ਕਰਨਾ ਬਹੁਤ ਜ਼ਰੂਰੀ ਹੈ ਤਾਕਿ ਇਤਿਹਾਸ ਦੇ ਸੱਚ ਨੂੰ ਕੂੜ ਕਬਾੜ ਹੇਠਾਂ ਦਬਣ ਵਾਲੇ ਸਾਜ਼ਸ਼ਕਾਰਾਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ ਤੇ ਅੱਗੇ ਤੋਂ ਅਜਿਹੀਆਂ ਕੋਝੀ ਹਰਕਤ ਕਰਨ ਲਈ ਕੋਈ ਹਿੰਮਤ ਨਾ ਕਰ ਸਕੇ। ਠਾਠਾਂ ਮਾਰਦੇ ਹਜ਼ਾਰਾਂ ਦੇ ਇਕੱਠ ਵਿਚ ਸੰਗਤਾਂ ਦੇ ਸਨਮੁੱਖ ਸਿੱਖ ਆਗੂ ਬਲਦੇਵ ਸਿੰਘ ਸਿਰਸਾ, ਕਿਸਾਨ ਆਗੂ ਜਗਜੀਤ   ਸਿੰਘ  ਡੱਲੇਵਾਲੇ ਨੇ ਤਿੰਨ ਮਤੇ ਰੱਖੇ ਜਿਨ੍ਹਾਂ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਦੋਵੇਂ ਹੱਥ ਖੜੇ ਕਰ ਕੇ ਪ੍ਰਵਾਨਗੀ ਦਿਤੀ।
ਸਿੱਖ ਇਤਿਹਾਸ ਨੂੰ ਤੋੜਨ ਮਰੋੜਨ ਵਾਲੇ ਲੇਖਕ, ਪ੍ਰਕਾਸ਼ਕ, ਮਾਨਤਾ ਦੇਣ ਵਾਲੇ ਬੋਰਡ ਅਧਿਕਾਰੀਆਂ ਸਮੇਤ ਸਿਖਿਆ ਮੰਤਰੀ ਵਿਰੁਧ ਪਰਚੇ ਕੀਤੇ ਜਾਣ, ਗ਼ਲਤ ਇਤਿਹਾਸ ਪੇਸ਼ ਕਰਨ ਵਾਲੀਆਂ ਕਿਤਾਬਾਂ ਉਤੇ ਪੂਰਨ ਪਾਬੰਦੀ ਲਾਈ ਜਾਵੇ, ਸਿੱਖ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਅਨੁਸਾਰ ਪਰਖਣ ਲਈ ਮਾਹਰ ਕਮੇਟੀ ਬਣਾ ਕੇ ਹੀ ਕਿਤਾਬਾਂ ਨੂੰ ਪ੍ਰਕਾਸ਼ਤ ਕੀਤਾ ਜਾਵੇ।
ਇਸ ਮੌਕੇ ਪੰਜਾਬ ਸਕੂਲ ਸਿਖਿਆ ਬੋਰਡ ਨੂੰ ਸਖ਼ਤ ਚਿਤਾਵਨੀ ਵੀ ਦਿਤੀ ਗਈ ਕਿ  ਇਸ ਗੰਭੀਰ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੇਕਰ ਇਸ ਮਸਲੇ ਨੂੰ ਲਮਕਾਉਣ ਕੋਸ਼ਿਸ਼ ਕੀਤੀ ਗਈ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਗਿਆਨੀ ਕੇਵਲ ਸਿੰਘ, ਲੱਖਾ ਸਿਧਾਣਾ, ਹਿਊਮਨ ਰਾਇਟਸ ਯੂਨਾਈਟਿਡ ਸਿੱਖਜ਼, ਯੂਨਾਈਟਿਡ ਸਿੱਖਜ਼, ਸਾਬਤ ਸੂਰਤ ਸਿੱਖ ਆਰਗਨਾਈਜ਼ੇਸ਼ਨ, ਹਰਪਾਲ ਸਿੰਘ ਚੀਮਾ, ਨਿਹੰਗ ਸਿੰਘ ਜਥੇਬੰਦੀਆਂ, ਬਾਬਾ ਬੇਅੰਤ ਸਿੰਘ ਸਿਰਸਾ, ਹਰਜਿੰਦਰ ਸਿੰਘ ਮੱਧਪ੍ਰਦੇਸ਼, ਜਗਜੀਤ ਸਿੰਘ ਡੱਲੇਵਾਲ, ਗੁਰਜਿੰਦਰ ਸਿੰਘ ਯੂਥ ਪ੍ਰਧਾਨ, ਜਸਬੀਰ ਸਿੰਘ ਬੀਕੇ.ਯੂ ਸਿੱਧੂਪੁਰ,  ਲੇਖਕ ਲਖਵਿੰਦਰ ਸਿੰਘ ਰਈਆ, ਨਸੀਬ ਸਿੰਘ ਸਾਂਗਣਾ, ਬੀਰ ਸਿੰਘ ਬੜਵਾ, ਜਤਿੰਦਰ ਸਿੰਘ ਮੋਹਾਲੀ ਆਦਿ ਹਾਜ਼ਰ ਹੋਏ।