Faridkot News: PCR 'ਤੇ ਤਾਇਨਾਤ ਪੁਲਿਸ ਮੁਲਾਜ਼ਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਹਿਮੂਆਣਾ ਦਾ ਰਹਿਣ ਵਾਲਾ ਸੀ

Policeman posted at PCR dies of heart attack

 

Faridkot News: ਤੜਕਸਾਰ ਪੀ.ਸੀ.ਆਰ ਡਿਊਟੀ 'ਤੇ ਤਾਇਨਾਤ ਇੱਕ ਹੌਲਦਾਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਹੌਲਦਾਰ ਬਲਤੇਜ ਸਿੰਘ ਵਜੋਂ ਹੋਈ ਹੈ, ਜੋ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਹਿਮੂਆਣਾ ਦਾ ਰਹਿਣ ਵਾਲਾ ਸੀ ਅਤੇ ਥਾਣਾ ਸਿਟੀ ਫ਼ਰੀਦਕੋਟ ਵਿਚ PCR ਪਾਰਟੀ ਵਿਚ ਹੌਲਦਾਰ ਵਜੋਂ ਤੈਨਾਤ ਸੀ। 

 ਮ੍ਰਿਤਕ ਹੌਲਦਾਰ ਬਲਤੇਜ ਸਿੰਘ ਦੇ ਸਾਥੀ ਮੁਲਾਜ਼ਮ ASI ਜਸਵਿੰਦਰ ਸਿੰਘ ਨੇ ਦੱਸਿਆ ਕਿ ਹੌਲਦਾਰ ਬਲਤੇਜ ਸਿੰਘ ਦੀ ਦੇਰ ਰਾਤ ਤੋਂ ਹੀ ਉਸ ਦੇ ਨਾਲ ਨਾਈਟ ਡਿਊਟੀ ਲੱਗੀ ਹੋਈ ਸੀ। ਅੱਜ ਸਵੇਰੇ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਤਲਵੰਡੀ ਪੁਲ ਨਹਿਰਾਂ 'ਤੇ ਕੋਈ ਕੈਂਟਰ ਨਹਿਰ ਵਿਚ ਡਿੱਗਿਆ ਹੈ ਤਾਂ ਉਹ ਦੋਵੇਂ ਜਣੇ ਘਟਨਾ ਸਥਾਨ 'ਤੇ ਜਾ ਰਹੇ ਸਨ ਤਾਂ ਰਸਤੇ ਵਿਚ ਬਲਤੇਜ ਸਿੰਘ ਨੇ ਉਸ ਨੂੰ ਕਿਹਾ ਕਿ ਮੋਟਰਸਾਇਕਲ ਰੋਕ ਮੈਨੂੰ ਕੁਝ ਹੋ ਰਿਹਾ। 

ਉਨ੍ਹਾਂ ਦੱਸਿਆ ਕਿ ਜਦੋਂ ਹੀ ਉਸ ਨੇ ਮੋਟਰਸਾਇਕਲ ਰੋਕ ਕੇ ਵੇਖਿਆ ਤਾਂ ਹੌਲਦਾਰ ਬਲਤੇਜ ਸਿੰਘ ਹੇਠਾਂ ਡਿੱਗ ਗਿਆ, ਉਨ੍ਹਾਂ ਦੱਸਿਆ ਕਿ ਮੌਕੇ 'ਤੇ ਉਸ ਨੇ ਸਾਥੀ ਕਰਮਚਾਰੀਆਂ ਨੂੰ ਬੁਲਾ ਕੇ ਤੇ ਕਿਸੇ ਪ੍ਰਾਈਵੇਟ ਰਾਹਗੀਰ ਦੀ ਗੱਡੀ ਰੋਕ ਉਸ ਰਾਹੀਂ ਬਲਤੇਜ ਨੂੰ ਮੈਡੀਕਲ ਹਸਪਤਾਲ ਲਿਆਂਦਾ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਸ ਮੌਕੇ ਜਾਣਕਾਰੀ ਦਿੰਦਿਆਂ ਪੀਸੀਆਰ ਪਾਰਟੀ ਇੰਚਾਰਜ ਧਰਮਪਾਲ ਸਿੰਘ ਨੇ ਦੱਸਿਆ ਕਿ ਕਰੀਬ ਸਾਢੇ ਛੇ ਵਜੇ ਉਸ ਦੀ ਪੀਸੀਆਰ ਮੁਲਾਜ਼ਮ ਹੌਲਦਾਰ ਬਲਤੇਜ ਸਿੰਘ ਨਾਲ ਗੱਲਬਾਤ ਹੋਈ ਪਰ ਅਚਾਨਕ 7 ਵਜੇ ਉਸ ਨਾਲ ਇਹ ਘਟਨਾਂ ਵਾਪਰ ਗਈ। ਜਿਸ ਨੂੰ ਜਲਦੀ ਨਾਲ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚ ਸਕੀ। ਉਨ੍ਹਾਂ ਦੱਸਿਆ ਕਿ ਮੌਤ ਸਮੇਂ ਬਲਤੇਜ ਡਿਊਟੀ 'ਤੇ ਤਾਇਨਾਤ ਸੀ ਅਤੇ ਆਖ਼ਰੀ ਸਾਹਾਂ ਤਕ ਡਿਊਟੀ 'ਤੇ ਹੀ ਰਿਹਾ। 
ਫ਼ਿਲਹਾਲ ਮ੍ਰਿਤਕ ਹੌਲਦਾਰ ਬਲਤੇਜ ਸਿੰਘ ਦੀ ਦੇਹ ਨੂੰ ਫ਼ਰੀਦਕੋਟ ਦੇ ਜੀਜੀਐੱਸ ਮੈਡੀਕਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ, ਜਿਸ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪਿਆ ਜਾਵੇਗਾ।