ਪੰਜਾਬ ਦੇ 2.14 ਕਰੋੜ ਵੋਟਰਾਂ ਲਈ ‘ਵਿਸ਼ੇਸ਼ ਰਿਵੀਜ਼ਨ' ਦੀ ਤਿਆਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੋਟਰ ਲਿਸਟਾਂ ਤੋਂ ਇਲਾਵਾ 24,300 ਪੋਲਿੰਗ ਸਟੇਸ਼ਨਾਂ ਵਿਚ ਵੀ ਵਾਧਾ ਹੋਵੇਗਾ

photo
  • ਇਸ ਤੋਂ ਪਹਿਲਾਂ 2003 ਵਿਚ ਹੋਇਆ ਸੀ ਵਿਸ਼ੇਸ਼ ਰਿਵੀਜ਼ਨ

ਚੰਡੀਗੜ੍ਹ (ਜੀ.ਸੀ. ਭਾਰਦਵਾਜ) : ਪੱਛਮੀ ਬੰਗਾਲ,ਬਿਹਾਰ, ਆਸਾਮ ਸਮੇਤ ਹੋਰ ਕਈ ਰਾਜਾਂ ’ਚ ਕਰੋੜਾਂ ਵੋਟਰਾਂ ਦੀਆਂ ਲਿਸਟਾਂ ’ਚ ‘ਸਪੈਸ਼ਲ ਇੰਟੈਨਸਿਵ ਰਿਵੀਜ਼ਨ’ (ਐਸਆਈਆਰ) ਦੀ ਪ੍ਰਕਿਰਿਆ ਤੋਂ ਉਠੇ ਵਿਵਾਦ ਅਤੇ ਵਿਰੋਧੀ ਧਿਰਾਂ ਵਲੋਂ ਸੁਪਰੀਮ ਕੋਰਟ ’ਚ ਦਾਇਰ ਕੀਤੇ ਮੁੱਕਦਮਿਆਂ ਦੀ ਲੋਅ ’ਚ ਕੇਂਦਰੀ ਚੋਣ ਕਮਿਸ਼ਨ ਨੇ ਪਿਛਲੇ ਹਫ਼ਤੇ 19 ਫ਼ਰਵਰੀ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ ਤੇ ਹੋਰ ਕਈ ਸੂਬਿਆਂ ਦੇ ਚੋਣ ਅਧਿਕਾਰੀਆਂ ਨੂੰ ਚਿੱਠੀ ਰਾਹੀਂ ਸੁਚੇਤ ਕੀਤਾ ਗਿਆ ਹੈ ਕਿ ਵੋਟਰ ਲਿਸਟਾਂ ਨੂੰ ਨਵਿਆਉਣ ਦੀ ਤਿਆਰੀ ਵਾਸਤੇ ਪ੍ਰਬੰਧ ਜਲਦੀ ਕੀਤੇ ਜਾਣ।

ਰੋਜ਼ਾਨਾ ਸਪੋਕਸਮੈਨ ਵਲੋਂ ਪੰਜਾਬ ਦੇ ਨਵੇਂ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਦੇ 2.14 ਕਰੋੜ ਵੋਟਰਾਂ ਦੀਆਂ ਲਿਸਟਾਂ ਦਾ ਜ਼ਿਲ੍ਹਾ ਤਹਿਸੀਲ, ਬਲਾਕ ਤੇ ਪਿੰਡ ਪਧਰੀ ਅਤੇ ਘਰ ਘਰ ਜਾ ਕੇ ਵਿਸ਼ੇਸ਼ ਰਿਵੀਜ਼ਨ ਕਰਨ ਵਾਸਤੇ ਮੁਢਲੀ ਤਿਆਰੀ ਅਤੇ ਬੂਥ ਪੱਧਰ ’ਤੇ ਬਾਰੀਕੀ ਨਾਲ ਸੁਧਾਈ ਕਰਨ ਲਈ ਯੋਜਨਾ ਤਿਆਰ ਕੀਤੀ  ਜਾ ਰਹੀ ਹੈ।

ਉਨ੍ਹਾਂ ਦਸਿਆ ਕਿ ਕੇਂਦਰੀ ਚੋਣ ਕਮਿਸ਼ਨ ਨੇ ਅਜੇ ਨਿਯਤ ਤਰੀਕਾਂ ਦਾ ਭਾਵੇਂ ਐਲਾਨ ਨਹੀਂ ਕੀਤਾ ਹੈ ਪਰ ਪੰਜਾਬ ਦੇ ਚੋਣ ਅਧਿਕਾਰੀਆਂ ਨਾਲ ਲੋੜ ਪੈਣ ’ਤੇ ਇਸ ਵਿਸ਼ੇ ’ਤੇ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਚੰਡੀਗੜ੍ਹ ਸਥਿਤ ਜਾਂ ਡਿਵੀਜ਼ਨ ਪੱਧਰ ’ਤੇ ਅਧਿਕਾਰੀਆਂ ਨਾਲ ਬੈਠਕਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਵਿਚਾਰ ਚਰਚਾ ਜ਼ਰੂਰ ਕੀਤੀ ਜਾਵੇਗੀ।

ਪੰਜਾਬ ਦੀ ਪਿਛਲੀ ਵੋਟਰ ਸੁਧਾਈ 2003 ’ਚ ਹੋਈ ਸੀ। ਪੰਜਾਬ ’ਚ ਲਗਾਤਾਰ ਕਈ ਸਾਲਾਂ ਤੋਂ ਕਣਕ, ਝੋਨਾ ਤੇ ਹੋਰ ਕਈ ਫ਼ਸਲਾਂ ਦੀ ਕਟਾਈ ਮੌਕੇ ਹਜ਼ਾਰਾਂ ਮਜ਼ਦੂਰ, ਫ਼ੈਕਟਰੀ ਵਰਕਰ, ਯੂ.ਪੀ., ਬਿਹਾਰ, ਰਾਜਸਥਾਨ, ਉਤਰਾਖੰਡ, ਜੰਮੂ ਕਸ਼ਮੀਰ ਤੋਂ ਮੁਸਲਿਮ ਗੁੱਜਰਾਂ ਦੇ ਪਰਵਾਰਾਂ ਦੇ ਵਸੇਬੇ ਅਤੇ ਚੋਣਾਂ ਵੇਲੇ ਇਧਰੋਂ ਉਧਰ ਆਉਣ ਜਾਣ ਅਤੇ ਬਣਾਈਆਂ ਵੋਟਾਂ ਸਬੰਧੀ ਉਠਣ ਵਾਲੇ ਸਵਾਲਾਂ ਤੇ ਝਮੇਲਿਆਂ ਸਬੰਧੀ ਪੁਛੇ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ‘ਵਿਸ਼ੇਸ਼ ਰਿਵੀਜ਼ਨ’ ਕਰਦਿਆਂ ਬੂਧ ਪੱਧਰ ਅਧਿਕਾਰੀ ਇਸ ਨੁਕਤੇ ਦਾ ਧਿਆਨ ਰੱਖੇਗਾ ਕਿ ਯੋਗ ਭਾਰਤੀ ਨਾਗਰਿਕ ਵੋਟਰ ਬਣਾਉਣ ਤੋਂ ਰਹਿ ਨਾ ਜਾਵੇ ਅਤੇ ਅਯੋਗ ਵੋਟਰ ਅਪਣੀ ਵੋਟ ਨਾ ਬਣਾ ਜਾਵੇ।

 ਉਨ੍ਹਾਂ ਕਿਹਾ ਕਿ ਪੰਜਾਬ ਤੋਂ ਵਿਦੇਸ਼ਾਂ ’ਚ ਗਏ ਨਾਗਰਿਕਾਂ ਦਾ ਵੀ ਵਿਸ਼ੇਸ਼ ਧਿਆਨ ਰਖਿਆ ਜਾਵੇਗਾ ਤਾਂ ਕਿ ਪੰਜਾਬ ’ਚ ਬਣੀਆਂ ਉਨ੍ਹਾਂ ਦੀਆਂ ਪੁਰਾਣੀਆਂ ਵੋਟਾਂ ਜ਼ਰੂਰ ਕਟਵਾਈਆਂ ਜਾ ਸਕਣ। ਇੰਟਰਨੈਸ਼ਨਲ ਇੰਸਟੀਚਿਊਟ ਫਾਰ ਡੈਮੋਕ੍ਰੇਟਿਕ ਇਲੈਕਟਰੋਲ ਅਸਿਸਟੈਂਸ (ਆਈ.ਆਈ.ਡੀ.ਈ.ਏ.) ਨਾਮ ਦੀ ਸੰਸਥਾ ਜੋ 1995 ’ਚ ਅੰਤਰਰਾਸ਼ਟਰੀ ਪੱਧਰ ’ਤੇ ਚੋਣ ਕਰਾਉਣ ਲਈ ਬਣਾਈ ਗਈ ਸੀ, ਭਾਰਤ ਇਸ ਸਾਲ 2026 ’ਚ ਉਸ ਦਾ ਚੇਅਰਮੈਨ ਹੈ ਅਤੇ ਪੰਜਾਬ ਦੀ ਨਵੇਂ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਇਸ ਸੰਸਥਾ ਦੀ ਕਾਨਫ਼ਰੰਸ ’ਚ ਹਾਜ਼ਰੀ ਭਰਨ ਦਖਣੀ ਅਫ਼ਰੀਕਾ ਦੇ ਪ੍ਰੀਟੋਰੀਆ ’ਚ ਭਾਰਤ ਦੇ ਚੋਣ ਕਮਿਸ਼ਨ ਵਲੋਂ ਗਏ ਸਨ। ਉਨ੍ਹਾਂ ਦਸਿਆ ਕਿ 991 ਕਰੋੜ ਵੋਟਰਾਂ ਤੇ 10 ਲੱਖ ਤੋਂ ਵੱਧ ਪੋÇਲੰਗ ਬੂਥਾਂ ਵਾਲੀ ਸਭ ਤੋਂ ਵੱਡੀ ਲੋਕਤੰਤਰੀ ਵਿਵਸਥਾ ਵਾਲਾ ਭਾਰਤ ਦੇਸ਼ ਦੇ ਆਜ਼ਾਦ ਤੇ ਮਜ਼ਬੂਤ ਚੋਣ ਕਮਿਸ਼ਨ ਵਲੋਂ ਚੋਣਾਂ ਕਰਵਾਉਣ ਦੇ ਢੰਗ ਤਰੀਕਿਆਂ ਦੀ ਕਦਰ ਬਾਕੀ ਦੇਸ਼ ਬਹੁਤ ਕਰਦੇ ਹਨ। ਉਨ੍ਹਾਂ ਕਿਹਾ ਕਿ ਯੂਰਪ ਤੇ ਹੋਰ ਦੇਸ਼ ਭਾਰਤੀ ਚੋਣ ਕਮਿਸ਼ਨ ਦੀ ਪ੍ਰੀਕਿਰਿਆ ਜਾਨਣ ਵਾਸਤੇ ਬਹੁਤ ਦਿਲਚਸਪੀ ਲੈ ਰਹੇ ਹਨ।