ਭਾਜਪਾ ਵਿਧਾਇਕ ਨਾਲ ਕੁੱਟਮਾਰ ਦਾ ਮਾਮਲਾ: ਭਾਜਪਾ ਯੁਵਾ ਮੋਰਚਾ ਨੇ ਫੂਕਿਆ ਕੈਪਟਨ ਅਮਰਿੰਦਰ ਦਾ ਪੁਤਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਵਿਰੁੱਧ ਜਮ ਕੇ ਕੀਤੀ ਗਈ ਨਾਅਰੇਬਾਜ਼ੀ

bjp

ਫਰੀਦਕੋਟ: ਮਲੋਟ ਵਿਚ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਕੀਤੀ ਗਈ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹੈ। ਇਸੇ ਦੇ ਚਲਦਿਆਂ ਫਰੀਦਕੋਟ ਵਿਖੇ ਭਾਜਪਾ ਦੇ ਯੁਵਾ ਮੋਰਚੇ ਦੇ ਆਗੂਆਂ ਵੱਲੋਂ ਇਸ ਘਟਨਾ ’ਤੇ ਰੋਸ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ।

ਇਸ ਰੋਸ ਪ੍ਰਦਰਸ਼ਨ ਦੌਰਾਨ ਭਾਜਪਾ ਯੁਵਾ ਮੋਰਚੇ ਦੇ ਆਗੂਆਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਫੂਕਿਆ ਅਤੇ ਸਰਕਾਰ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਦੱਸਦਿਆਂ ਜਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਬੋਲਦਿਆਂ ਭਾਜਪਾ ਯੁਵਾ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਆਖਿਆ ਕਿ ਕਿਸਾਨਾਂ ਦੀ ਆੜ ਵਿਚ ਕਾਂਗਰਸ, ਅਕਾਲੀ ਅਤੇ ਆਪ ਦੇ ਗੁੰਡਿਆਂ ਵੱਲੋਂ ਮਲੋਟ ਵਿਚ ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਕੀਤਾ ਗਿਆ ਹਮਲਾ ਮੰਦਭਾਗੀ ਘਟਨਾ ਹੈ, ਜਿਸ ਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ।

ਦੱਸ ਦਈਏ ਕਿ ਬੀਤੇ ਦਿਨ ਮਲੋਟ ਵਿਖੇ ਵੱਡੀ ਗਿਣਤੀ ਵਿਚ ਇਕੱਠੀ ਹੋਈ ਭੀੜ ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ ਸਨ।