ਵੱਖ-ਵੱਖ ਥਾਵਾਂ 'ਤੇ ਭਾਜਪਾ ਆਗੂਆਂ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਪੰਜਾਬ

ਵੱਖ-ਵੱਖ ਥਾਵਾਂ 'ਤੇ ਭਾਜਪਾ ਆਗੂਆਂ ਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਵਿਰੋਧ

image

image

image

ਕਿਸਾਨਾਂ ਦੀ ਭਾਜਪਾ ਵਿਧਾਇਕ ਨਾਲ ਹੋਈ ਹੱਥੋਪਾਈ, ਕਪੜੇ ਪਾੜੇ

 ਇਸ ਦੌਰਾਨ ਜਦੋਂ ਕਰੀਬ ਇਕ ਘੰਟੇ ਬਾਅਦ ਪੁਲਿਸ ਨੇ ਅਪਣੀ ਨਿਗਰਾਨੀ ਹੇਠ ਵਿਧਾਇਕ ਅਰੁਣ ਨਾਰੰਗ ਅਤੇ ਉਸ ਦੇ ਸਾਥੀਆਂ ਨੂੰ  ਸੁਰੱਖਿਅਤ ਥਾਂ ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਦਾ ਹਜ਼ੂਮ ਉਨ੍ਹਾਂ ਵਲ ਟੁੱਟ ਕੇ ਪੈ ਗਿਆ | ਇਸ ਦੌਰਾਨ ਵਿਧਾਇਕ ਅਰੁਣ ਨਾਰੰਗ ਅਤੇ ਰਾਜੇਸ਼ ਗੋਰਾ ਪਠੇਲਾ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕੁੱਟਮਾਰ ਕੀਤੀ ਅਤੇ ਉਥੇ ਹੀ ਵਿਧਾਇਕ ਅਰੁਣ ਨਾਰੰਗ ਦੇ ਸਾਰੇ ਕਪੜੇ ਪਾੜਦੇ ਹੋਏ ਉਸ ਨੂੰ  ਅਲਫ਼ ਨੰਗਾ ਕਰ ਦਿਤਾ | ਪੁਲਿਸ ਬੜੀ ਮੁਸ਼ਕਲ ਨਾਲ ਵਿਧਾਇਕ ਅਰੁਣ ਨਾਰੰਗ ਨੂੰ  ਕਰੀਬ 20 ਦੁਕਾਨਾਂ ਦੂਰ ਕਿਸੇ ਦੂਜੀ ਦੁਕਾਨ 'ਤੇ ਲੈ ਗਏ | ਭਾਵੇਂ ਕਿ ਇਸ ਘਟਨਾ ਦੇ ਬਾਰੇ ਪਤਾ ਲੱਗਣ 'ਤੇ ਐਸ.ਪੀ. ਰਾਜਪਾਲ ਸਿੰਘ ਮੌਕੇ 'ਤੇ ਪਹੁੰਚ ਗਏ, ਪ੍ਰੰਤੂ ਉਨ੍ਹਾਂ ਤੋਂ ਪਹਿਲਾਂ ਡੀ.ਐਸ.ਪੀ. ਜਸਪਾਲ ਸਿੰਘ, ਐਸ.ਐਚ.ਓ. ਥਾਣਾ ਸਿਟੀ ਹਰਜੀਤ ਸਿੰਘ ਮਾਨ, ਥਾਣਾ ਸਦਰ ਦੇ ਐਸ.ਐਚ.ਓ. ਪਰਮਜੀਤ ਸਿੰਘ ਦੇ ਨਾਲ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ, ਪਰ ਇਸ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜੇ ਕਰ ਦਿਤੇ ਸਨ | ਇਸ ਮੌਕੇ 'ਤੇ ਵਿਧਾਇਕ ਦੀ ਗੱਡੀ ਦੇ ਚਾਰੇ ਪਾਸੇ ਵੀ ਕਾਲਖ਼ ਮਲ ਦਿਤੀ ਗਈ | 
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਸਿਆਸੀ ਆਗੂਆਂ ਨੂੰ  ਸਿਰਫ਼ ਅਪਣੀ ਕੁਰਸੀ ਪਿਆਰੀ ਹੈ, ਜੋ ਦਿੱਲੀ ਵਿਖੇ ਸੈਂਕੜੇ ਕਿਸਾਨ ਸ਼ਹੀਦ ਹੋਏ ਹਨ ਉਹ ਨਜ਼ਰ ਨਹੀਂ ਆ ਰਹੇ ਜੋ ਕਿ ਬਹੁਤ ਮੰਦਭਾਗੀ ਗੱਲ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵਲੋਂ ਕਲ ਇਹ ਫ਼ੈਸਲਾ ਲਿਆ ਗਿਆ ਹੈ ਕਿ ਜਦੋਂ ਤਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤਕ ਕਿਸੇ ਵੀ ਪਾਰਟੀ ਚਾਹੇ ਉਹ ਭਾਜਪਾ ਹੋਵੇ, ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ ਕਿਸੇ ਨੂੰ  ਵੀ ਕੋਈ ਸਿਆਸੀ ਕਾਨਫ਼ਰੰਸ ਜਾਂ ਰੈਲੀ ਨਹੀਂ ਕਰਨ ਦਿਤੀ ਜਾਵੇਗੀ | ਉਨ੍ਹਾਂ ਵਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ | ਇਸ ਉਪਰੰਤ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਭਾਜਪਾ ਦਫ਼ਤਰ ਨੂੰ  ਨੁਕਸਾਨ ਪਹੁੰਚਾਇਆ ਅਤੇ ਉਨ੍ਹਾਂ ਦੀਆਂ ਕੁਰਸੀਆਂ ਤੋੜੀਆਂ ਅਤੇ ਬੈਨਰ ਪਾੜ ਕੇ ਅੱਗ ਲਗਾ ਦਿਤੀ ਗਈ | 
ਤਲਵੰਡੀ ਭਾਈ, ਆਦਮਪੁਰ ਤੋਂ ਲਖਵਿੰਦਰ ਸਿੰਘ ਪੰਨੂ, ਪ੍ਰਸ਼ੋਤਮ ਦੀ ਰੀਪੋਰਟ ਅਨੁਸਾਰ: ਇਸੇ ਤਰ੍ਹਾਂ ਤਲਵੰਡੀ ਭਾਈ ਦੀ ਪੁਰਾਣੀ ਅਨਾਜ ਮੰਡੀ ਵਿਚ ਭਾਜਪਾ ਦੀ ਸੂਬਾ ਜਨਰਲ ਸਕੱਤਰ ਸੁਨੀਤਾ ਗਰਗ ਨੂੰ  ਕਿਸਾਨ ਜਥੇਬੰਦੀਆਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ | ਭਾਜਪਾ ਆਗੂ ਸੁਨੀਤਾ ਗਰਗ ਪੁਰਾਣੀ ਅਨਾਜ ਮੰਡੀ ਵਿਚ ਕਾਂਗਰਸ ਸਰਕਾਰ ਦੇ 4 ਸਾਲ ਦੇ ਕਾਰਜਕਾਲ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਇਥੇ ਇਕ ਭਾਜਪਾ ਵਰਕਰ ਵਿਜੇ ਕੈਂਥ ਦੀ ਦੁਕਾਨ ਤੇ ਮੀਡੀਆ ਨਾਲ ਪ੍ਰੈਸ ਕਾਨਫ਼ਰੰਸ ਕਰ ਰਹੀ ਸੀ ਕਿ ਅਚਾਨਕ ਇਸ ਦੀ ਭਿਣਕ ਕਿਸਾਨਾਂ ਨੂੰ  ਪੈ ਗਈ ਅਤੇ ਉਹ ਵੱਡੀ ਗਿਣਤੀ ਵਿਚ ਔਰਤਾਂ ਉਸ ਸਥਾਨ 'ਤੇ ਪਹੁੰਚ ਗਈਆਂ ਅਤੇ ਉਨ੍ਹਾਂ ਵਿਰੁਧ ਨਾਹਰੇਬਾਜ਼ੀ ਕਰਨ ਲੱਗੇ |
ਇਸ ਮੌਕੇ ਪੁਲਿਸ ਵਿਚ ਡੀ.ਐਸ.ਪੀ. ਸਤਨਾਮ ਸਿੰਘ, ਐਸ.ਐਚ.ਓ. ਗੁਰਮੀਤ ਸਿੰਘ ਤੇ ਕਈ ਹੋਰ ਪੁਲਿਸ ਅਫ਼ਸਰ ਵੀ ਸ਼ਾਮਲ ਸਨ ਕਿਸੇ ਤਰ੍ਹਾਂ ਕਿਸਾਨਾਂ ਦੀ ਭੀੜ ਵਿਚੋਂ ਉਨ੍ਹਾਂ ਨੂੰ  ਬਾਹਰ ਕੱਢਣ ਵਿਚ ਸਫ਼ਲ ਹੋ ਗਏ | ਇਸ ਮੌਕੇ ਭਾਜਪਾ ਆਗੂ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ  ਗੁਮਰਾਹ ਕੀਤਾ ਜਾ ਰਿਹਾ ਹੈ ਅਤੇ ਨਵੇਂ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹਨ | ਦੂਜੇ ਪਾਸੇ ਕਿਸਾਨ ਆਗੂ ਦੋਸ਼ ਲਗਾ ਰਹੇ ਸਨ ਕਿ ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਭਾਜਪਾ ਆਗੂਆਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਭਾਜਪਾ ਦੇ ਕਿਸੇ ਵੀ ਲੀਡਰ ਨੂੰ  ਪੰਜਾਬ ਵਿਚ ਕਿਸੇ ਵੀ ਸਟੇਜ 'ਤੇ ਬੋਲਣ ਨਹੀਂ ਦਿਤਾ ਜਾਵੇਗਾ |
ਇਸੇ ਤਰ੍ਹਾਂ ਹੁਸ਼ਿਆਰਪੁਰ ਵਿਚ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਪਹੁੰਚੇ ਸਨ | ਜਦੋਂ ਇਸ ਬਾਬਤ ਕਿਸਾਨਾਂ ਨੂੰ  ਸੂਚਨਾ ਮਿਲੀ ਤਾਂ ਉਨ੍ਹਾਂ ਵਲੋਂ ਕਾਲੀਆਂ ਝੰਡੀਆਂ ਲੈ ਕੇ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ | ਇਸ ਦੇ ਚਲਦਿਆਂ ਪ੍ਰਸ਼ਾਸਨ ਨੂੰ  ਹੱਥਾਂ ਪੈਰਾਂ ਦੀ ਪੈ ਗਈ ਤੇ ਭਾਰਤੀ ਪੁਲਿਸ ਬਲ ਤੈਨਾਤ ਕਰ ਕੇ ਕਿਸਾਨਾਂ ਨੂੰ  ਰੋਕਿਆ ਗਿਆ | ਪੁਲਿਸ ਵਲੋਂ ਸੁਰੱਖਿਆ ਦੇ ਚਲਦਿਆਂ ਦੁਸਹਿਰਾ ਗਰਾਊਾਡ ਨਜ਼ਦੀਕ ਸੜਕ ਨੂੰ  ਬੰਦ ਕਰ ਦਿਤਾ ਗਿਆ ਜਿਸ ਕਾਰਨ ਰਾਹਗੀਰਾਂ ਨੂੰ  ਵੀ ਸੜਕ ਬੰਦ ਹੋਣ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ |