ਭਾਜਪਾ ਵਿਧਾਇਕ ’ਤੇ ਹਮਲੇ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਹੋਵੇ ਨਿਰਪੱਖ ਜਾਂਚ : ਸੁਖਬੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਸਰਕਾਰ ਤਾਂ ਅਮਨ ਕਾਨੁੰਨ ਦੀ ਵਿਵਸਥਾ ਕਾਇਮ ਰੱਖਣ ਵਿਚ ਵੀ ਬੁਰੀ ਤਰ੍ਹਾਂ ਅਸਫਲ ਰਹੀ ਹੈ।

sukhbir singh badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ’ਤੇ ਹੋਏ ਹਿੰਸਕ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਮੰਗ ਕੀਤੀ ਕਿ ਸੂਬਾ ਪੁਲਿਸ ਵਲੋਂ ਇਕ ਚੁਣੇ ਹੋਏ ਪ੍ਰਤੀਨਿਧ ਦੇ ਮਾਣ ਸਨਮਾਨ ਦੀ ਰਾਖੀ ਵਿਚ ਅਸਫ਼ਲਤਾ ਦੀ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਭਾਜਪਾ ਵਿਧਾਇਕ ’ਤੇ ਮਲੋਟ ਵਿਚ ਹੋਏ ਹਮਲੇ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਹਰ ਕਿਸੇ ਨੂੰ ਅਪੀਲ ਕੀਤੀ ਕਿ ਸੂਬੇ ਵਿਚ ਸ਼ਾਂਤੀ ਤੇ  ਫਿਰਕੂ ਸਦਭਾਵਨਾ ਵਿਚ ਵਿਘਨ ਨਾ ਪਵੇ, ਇਸ ਵਾਸਤੇ ਹਰ ਕੋਈ ਸੰਜਮ ਨਾਲ ਕੰਮ ਲਵੇ। 

ਉਨ੍ਹਾਂ ਅਪਣਾ ਫਰਜ਼ ਨਿਭਾਉਣ ਵਿਚ ਅਸਫਲ ਰਹਿਣ ’ਤੇ ਸੂਬਾ ਪੁਲਿਸ ਦੀ ਤਿੱਖੀ ਆਲੋਚਨਾ ਕੀਤੀ ਤੇ ਕਿਹਾ ਕਿ ਕਾਂਗਰਸ ਸਰਕਾਰ ਤਾਂ ਅਮਨ ਕਾਨੁੰਨ ਦੀ ਵਿਵਸਥਾ ਕਾਇਮ ਰੱਖਣ ਵਿਚ ਵੀ ਬੁਰੀ ਤਰ੍ਹਾਂ ਅਸਫਲ ਰਹੀ ਹੈ। ਸੁਖਬੀਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਸਾ ਦੀ ਸਭਿਅਕ ਸਮਾਜ ਵਿਚ ਕੋਈ ਥਾਂ ਨਹੀਂ ਹੈ ਤੇ ਅਜਿਹੀਆਂ ਕਾਰਵਾਈਆਂ  ਕਿਸਾਨ ਸੰਘਰਸ਼ ਨੁੰ ਕਮਜ਼ੋਰ ਕਰਨਗੀਆਂ। ਉਹਨਾਂ ਜ਼ੋਰ ਦੇ ਕੇ ਕਿਹਾ  ਕਿ ਲੋਕਤੰਤਰ ਵਿਚ ਹਰ ਕਿਸੇ ਨੂੰ ਰੋਸ ਪ੍ਰਗਟ ਕਰਨ ਦਾ ਹੱਕ ਹੈ ਪਰ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਯਕੀਨੀ ਬਣਾਉਣ ਲਈ ਖ਼ਿਆਲ ਰਖਿਆ ਜਾਣਾ ਚਾਹੀਦਾ ਹੈ।