ਬਾਦਲਾਂ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਪੰਜਾਬ ਸਰਕਾਰ ਜਲਦ ਕਰਵਾਏ ਪੂਰਾ-ਪ੍ਰੇਮ ਸਿੰਘ ਚੰਦੂਮਾਜਰਾ

ਏਜੰਸੀ

ਖ਼ਬਰਾਂ, ਪੰਜਾਬ

ਬਾਦਲ ਸਾਬ੍ਹ ਵੱਲੋਂ ਪਾਸ ਕੀਤੇ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਕੇ ਜਲਦ ਲਾਗੂ ਕਰੇ ਸਰਕਾਰ

Prem Singh Chandumajra

ਸ੍ਰੀ ਕੇਸਗੜ੍ਹ ਸਾਹਿਬ - ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰਨ ਤੋਂ ਬਾਅਦ ਕੋਰੋਨਾ ਗਾਈਡਲਾਈਨ ਦੀ ਪਾਲਣਾ ਕਰਦੇ ਹੋਏ ਕੁਝ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ ਪਰ ਫਿਰ ਵੀ ਸੰਗਤਾਂ ਦਾ ਠਾਠਾਂ ਮਾਰਦਾ ਹੋਇਆ ਇਕੱਠ ਇਤਿਹਾਸਕ ਧਰਤੀ ਵਿੱਚ ਆਪਣੀ ਸ਼ਰਧਾ ਅਤੇ ਭਾਵ ਦਿਖਾਉਂਦਾ ਹੈ। 

ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੋਲੇ-ਮਹੱਲੇ ਮੌਕੇ ਸਿਆਸੀ ਪ੍ਰੈਸ ਕਾਨਫਰੰਸ ਕਰਨੀ ਸੀ ਪਰ ਪੰਜਾਬ ਸਰਕਾਰ ਦੀਆਂ ਕੋਰੋਨਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਇਹ ਸਿਆਸੀ ਕਾਨਫਰੰਸ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਦੀ ਸਰਕਾਰ ਵੇਲੇ ਪਾਸ ਕੀਤੇ ਹੋਏ ਪ੍ਰਾਜੈਕਟ ਪੰਜਾਬ ਸਰਕਾਰ ਨੇ ਅਜੇ ਤੱਕ ਮੁਕੰਮਲ ਨਹੀਂ ਕੀਤੇ ਜਦਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨਾ ਚਾਹੀਦਾ ਸੀ। 

ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਦੋਵੇਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਸ਼ਤਾਬਦੀ ਮੌਕੇ ਪੰਜਾਬ ਸਰਕਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ 400 ਫੁੱਟ ਉੱਚਾ ਮਿਆਰ ਤਿਆਰ ਕਰੇ, ਜੋ 'ਮਾਨਸ ਕੀ ਜਾਤ ਸਭੈ ਏਕ ਪਹਿਚਾਨਬੋ' ਦਾ ਸੰਦੇਸ਼ ਦੀ ਮੁੜ ਤੋਂ ਯਾਦ ਦਿਵਾਏ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਵਿਕਾਸ ਨਹੀਂ ਕੀਤਾ ਜਦਕਿ ਬਾਦਲਾਂ ਦੀ ਸਰਕਾਰ ਵੇਲੇ ਦੇ ਪ੍ਰਾਜੈਕਟ ਹੁਣ ਤਕ ਪੈਂਡਿੰਗ ਪਏ ਹਨ। ਜੇਕਰ ਪੰਜਾਬ ਸਰਕਾਰ ਨੇ ਕੋਈ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉਤੇ ਵਿਕਾਸ ਕਰਨਾ ਹੈ ਤਾਂ ਉਹ ਬਾਦਲ ਸਾਬ੍ਹ ਵੱਲੋਂ ਪਾਸ ਕੀਤੇ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਕੇ ਜਲਦ ਲਾਗੂ ਕਰੇ।