ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ ਵਿਚ ਸ਼ੁਰੂ ਹੋਵੇਗੀ ਰਾਸ਼ਨ ਦੀ ਡੋਰ-ਟੂ-ਡੋਰ ਡਿਲੀਵਰੀ

ਏਜੰਸੀ

ਖ਼ਬਰਾਂ, ਪੰਜਾਬ

ਇਸ ਫੈਸਲੇ ਮਗਰੋਂ ਪੰਜਾਬ ਵਿਚ ਅਧਿਕਾਰੀ ਫੋਨ ਕਰਕੇ ਸਮਾਂ ਲੈਣਗੇ ਅਤੇ ਇਸ ਤੋਂ ਬਾਅਦ ਰਾਸ਼ਨ ਘਰ ਪਹੁੰਚਾ ਦਿੱਤਾ ਜਾਵੇਗਾ।

Bhagwant Mann

 

ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਅੱਜ ਫਿਰ ਪੰਜਾੀਆਂ ਲਈ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਪੰਜਾਬ ਦੇ ਗ਼ਰੀਬ ਲੋਕਾਂ ਨੂੰ ਰਾਸ਼ਨ 'ਤੇ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਐਲਾਨ ਮੁਤਾਬਕ ਪੰਜਾਬ ਸਰਕਾਰ ਹੁਣ ਲੋਕਾਂ ਨੂੰ ਘਰੇਲੂ ਰਾਸ਼ਨ ਦੀ ਘਰ-ਘਰ ਜਾ ਕੇ ਸਪਲਾਈ ਕਰੇਗੀ। ਮਾਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਵਿਚ ਰਾਸ਼ਨ ਦੀ ਡੋਰ ਸਟੈਪ ਡਿਲਵਰੀ ਕੀਤੀ ਜਾਵੇਗੀ। ਜੇ ਕੋਈ ਚਾਹੇ ਤਾਂ ਉਹ ਆਪ ਵੀ ਰਾਸ਼ਨ ਡੀਪੂ 'ਤੇ ਜਾ ਕੇ ਰਾਸ਼ਨ ਲਿਆ ਸਕਦਾ ਹੈ। ਕੁਝ ਹੀ ਦਿਨਾਂ ਵਿਚ ਇਹ ਡੋਰ ਸਟੈਪ ਡਿਲਵਰੀ ਸ਼ੁਰੂ ਹੋ ਜਾਵੇਗੀ।

ਇਸ ਫੈਸਲੇ ਮਗਰੋਂ ਪੰਜਾਬ ਵਿਚ ਅਧਿਕਾਰੀ ਫੋਨ ਕਰਕੇ ਸਮਾਂ ਲੈਣਗੇ ਅਤੇ ਇਸ ਤੋਂ ਬਾਅਦ ਰਾਸ਼ਨ ਘਰ ਪਹੁੰਚਾ ਦਿੱਤਾ ਜਾਵੇਗਾ। ਇਸ ਸਕੀਮ ਨੂੰ ਪਹਿਲਾਂ ਦਿੱਲੀ ਵਿਚ ਅਰਵਿੰਦ ਕੇਜਰੀਵਾਲ ਸਰਕਾਰ ਨੇ ਸ਼ੁਰੂ ਕੀਤਾ ਸੀ ਪਰ ਬਾਅਦ ਵਿਚ ਕੇਂਦਰ ਸਰਕਾਰ ਨੇ ਇਸ ਸਕੀਨ ਨੂੰ ਰੋਕ ਦਿੱਤਾ ਸੀ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਸਕੀਮ ਨੂੰ ਪੰਜਾਬ ਵਿਚ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਸਭ ਨੂੰ ਸਾਫ਼ ਸੁਥਰਾ ਰਾਸ਼ਨ ਦਿੱਤਾ ਜਾ ਸਕੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਦੇ ਕਿਹਾ ਕਿ, ਪੰਜਾਬ ਦੇ ਲੋਕਾਂ ਨੂੰ ਰਾਸ਼ਨ ਲੈਣ ਲਈ ਲੰਬੀਆਂ ਕਤਾਰਾਂ ਵਿਚ ਖੜ੍ਹਨਾ ਪੈਂਦਾ ਸੀ ਜਦਿਕ ਅੱਜ ਦੇ ਸਮੇਂ ਦੁਨੀਆ ਇੰਨੀ ਤੇਜ਼ ਹੋ ਗਈ ਹੈ ਕਿ ਇਕ ਫੋਨ ਤੇ ਸਮਾਨ ਘਰ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਤਾਂ ਗਰੀਬਾਂ ਨੂੰ ਰਾਸ਼ਨ ਲੈਣ ਲਈ ਦਿਹਾੜੀ ਤੱਕ ਛੱਡਣੀ ਪੈ ਜਾਂਦੀ ਹੈ।ਭਗਵੰਤ ਮਾਨ ਨੇ ਕਿਹਾ ਕਿ ਡੋਰ ਸਟੈਪ ਰਾਸ਼ਨ ਡਿਲਵਰੀ ਦੀ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ। ਵਧੀਆ ਬੋਰੀਆਂ 'ਚ ਸਾਫ ਸੁਥਰਾ ਰਾਸ਼ਨ ਤੁਹਾਡੇ ਹਿੱਸੇ ਦਾ ਬਣਦਾ ਰਾਸ਼ਨ ਪੰਜਾਬੀਆਂ ਦੇ ਘਰਾਂ ਤੱਕ ਪਹੁੰਚ ਜਾਵੇਗਾ।