ਬੇਰੁਜ਼ਗਾਰ ਕਾਮਿਆਂ ਦੀ ਨਵੀਂ ਸਰਕਾਰ ਨਾਲ ਪਹਿਲੀ ਮੀਟਿੰਗ, ਮੁਲਾਜ਼ਮਾਂ ਨੇ ਜਤਾਈ ਸੰਤੁਸ਼ਟੀ
ਪੰਜਾਬ ਦੇ ਬੇਰੁਜ਼ਗਾਰ ਕਾਮਿਆਂ ਨੂੰ ਬੱਝੀ ਨਵੀਂ ਆਸ
ਚੰਡੀਗੜ੍ਹ - ਅੱਜ ਪੰਜਾਬ ਦੇ ਬੇਰੁਜ਼ਗਾਰ ਕਾਮਿਆਂ ਦੀ ਨਵੀਂ ਸਰਕਾਰ ਨਾਲ ਪਹਿਲੀ ਮੀਟਿੰਗ ਹੋਈ ਤੇ ਕਾਮਿਆਂ ਦਾ ਕਹਿਣਾ ਹੈ ਕਿ ਇਹ ਮੀਟਿੰਗ ਬਹੁਤ ਹੀ ਸਾਕਾਰਤਮਕ ਹੋਈ ਹੈ। ਦਰਅਸਲ ਅੱਜ ਪੰਜਾਬ ਦੀਆਂ ਕਈ ਬੇਰੁਜ਼ਗਾਰ ਜਥੇਬੰਦੀਆਂ ਮੁੱਖ ਮੰਤਰੀ ਨੂੰ ਮਿਲਣ ਸੀਐੱਮ ਹਾਊਸ ਦੇ ਬਾਹਰ ਗਈਆਂ ਪਰ ਉਹਨਾਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਤਾਂ ਨਹੀਂ ਹੋ ਸਕੀ ਤੇ ਇਹ ਮੀਟਿੰਗ ਮੁੱਖ ਮੰਤਰੀ ਦੇ ਉਐੱਸਡੀ ਨਾਲ ਹੋਈ।
ਇਸ ਮੀਟਿੰਗ ਵਿਚ ਪਾਵਰਕੌਮ ਵਿਚ ਆਊਟਸੋਰਸਿੰਗ, ਬੀ.ਏ.ਟੀ.ਈ.ਟੀ ਪਾਸ, ਪਾਵਰਕੌਮ ਅਤੇ ਟਰਾਂਸਕੋ ਦੇ ਕੱਚੇ ਮੁਲਾਜ਼ਮਾਂ ਤੋਂ ਇਲਾਵਾ ਓਵਰਏਜ ਬੇਰੁਜ਼ਗਾਰ ਯੂਨੀਅਨ ਵੀ ਸ਼ਾਮਲ ਹਨ। ਮਾਨ ਨੇ ਹਾਲ ਹੀ ਵਿਚ 35 ਹਜ਼ਾਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਅਤੇ 25 ਹਜ਼ਾਰ ਸਰਕਾਰੀ ਨੌਕਰੀਆਂ ਕਰਨ ਦਾ ਐਲਾਨ ਕੀਤਾ ਸੀ। ਮੀਟਿੰਗ ਤੋਂ ਬਾਅਦ ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਮੁੱਦਾ ਜਲਦ ਤੋਂ ਜਲਦ ਹੱਲ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਅੱਜ ਇਹ ਵੀ ਤਸਵੀਰ ਦੇਖਣ ਨੂੰ ਮਿਲੀ ਕਿ ਪਹਿਲੀ ਵਾਰ ਅਧਿਆਪਕ ਸੀਐੱਮ ਹਾਊਸ ਦੇ ਬਾਹਰ ਗਏ ਅਤੇ ਉਹਨਾਂ 'ਤੇ ਲਾਠੀਚਾਰਜ ਨਹੀਂ ਹੋਇਆ ਤੇ ਪੁਲਿਸ ਮੁਲਾਜ਼ਮ ਵੀ ਅਧਿਆਪਕਾਂ ਨਾਲ ਨਰਮੀ ਨਾਲ ਪੇਸ਼ ਆਏ। ਜੇਕਰ ਪਿਛਲੀਆਂ ਸਰਕਾਰਾਂ ਦਾ ਮਹੌਲ ਦੇਖਿਆ ਜਾਵੇ ਤਾਂ ਸਾਰੀਆਂ ਸਰਕਾਰਾਂ ਦੇ ਸਮੇਂ ਅਧਿਆਪਕਾਂ ਨੂੰ ਡੰਡੇ ਤੇ ਪਾਣੀਆਂ ਦੀਆਂ ਬੁਛਾਰਾਂ ਹੀ ਖਾਣੀਆਂ ਪਈਆਂ ਹਨ ਪਰ ਅੱਜ ਪਹਿਲੀ ਵਾਰ ਇਹ ਸਾਕਾਰਤਮਕ ਤਸਵੀਰ ਦੇਖਣ ਨੂੰ ਮਿਲੀ ਹੈ।