25 ਦਿਨਾਂ ਬਾਅਦ ਮਾਪਿਆਂ ਨੂੰ ਸਹੀ ਸਲਾਮਤ ਵਾਪਸ ਮਿਲਿਆ ਪੁੱਤ ਅਮਨ, ਪਿਓ ਦੀਆਂ ਝਿੜਕਾਂ ਤੋਂ ਡਰਦਾ ਟਰੇਨ 'ਚ ਸਵਾਰ ਹੋ ਕੇ ਚਲਾ ਗਿਆ ਸੀ UP
ਘਰੋਂ ਜਾਂਦੇ ਹੋਏ ਅਮਨ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਅਮਨ ਮੋਢਿਆਂ 'ਤੇ ਬੈਗ ਪਾ ਕੇ ਘਰੋਂ ਜਾਂਦੇ ਹੋਏ ਵਿਖਾਈ ਦੇ ਰਿਹਾ ਸੀ।
ਹੁਸਿ਼ਆਰਪੁਰ : ਹੁਸ਼ਿਆਰਪੁਰ ਦੇ ਵਾਰਡ ਨੰਬਰ-27 ਅਧੀਨ ਆਉਂਦੇ ਮੁਹੱਲਾ ਨਿਊ ਦੀਪ ਨਗਰ ਦਾ ਰਹਿਣ ਵਾਲਾ ਇਕ 9 ਸਾਲਾ ਬੱਚਾ ਅਮਨ 4 ਮਾਰਚ ਨੂੰ ਪਿਓ ਦੀਆਂ ਝਿੜਕਾਂ ਤੋਂ ਡਰਦੇ ਹੋਏ ਕਿਤੇ ਚਲਾ ਗਿਆ ਸੀ। 7 ਦਿਨ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਅਮਨ ਦਾ ਕੁਝ ਥਹੁ ਪਤਾ ਨਹੀਂ ਲੱਗ ਸਕਿਆ ਸੀ। ਹਾਲਾਂਕਿ ਅਮਨ ਦੇ ਪਰਿਵਾਰ ਅਤੇ ਪੁਲਿਸ ਵੱਲੋਂ ਉਸ ਨੂੰ ਲੱਭਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ ਪਰ ਬਾਵਜੂਦ ਇਸ ਦੇ ਅਮਨ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਸੀ। ਘਰੋਂ ਜਾਂਦੇ ਹੋਏ ਅਮਨ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਅਮਨ ਮੋਢਿਆਂ 'ਤੇ ਬੈਗ ਪਾ ਕੇ ਘਰੋਂ ਜਾਂਦੇ ਹੋਏ ਵਿਖਾਈ ਦੇ ਰਿਹਾ ਸੀ।
ਅੱਜ ਪੁਲਿਸ ਵਲੋਂ ਕਰੀਬ 25 ਦਿਨਾਂ ਬਾਅਦ ਬੱਚੇ ਨੂੰ ਲੱਭਣ ’ਚ ਸਫਲਤਾ ਹਾਸਲ ਕੀਤੀ ਗਈ ਹੈ। ਜਿਸ ਨੂੰ ਲੈ ਕੇ ਅਮਨ ਦੇ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਬੱਚੇ ਨੂੰ ਲੱਭਣ ’ਚ ਪੁਲਿਸ ਸਮੇਤ ਹਰ ਇਕ ਵਿਅਕਤੀ ਨੇ ਉਨ੍ਹਾਂ ਦਾ ਬਹੁਤ ਜਿ਼ਆਦਾ ਸਾਥ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਐਸਐਚਓ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਇਹ ਬੱਚਾ ਘਰੋਂ ਜਾਣ ਤੋਂ ਬਾਅਦ ਟਰੇਨ ’ਚ ਸਵਾਰ ਹੋ ਕੇ ਯੂਪੀ ਚਲਾ ਗਿਆ ਸੀ ਤੇ ਫਿਰ ਉਥੋਂ ਵਾਪਿਸ ਆ ਗਿਆ। ਬੱਚਾ ਬੁੱਲੋਵਾਲ ਨਜ਼ਦੀਕ ਕਿਸੇ ਪਰਮਜੀਤ ਨਾਮ ਦੇ ਵਿਅਕਤੀ ਦੇ ਸੰਪਰਕ ਆ ਗਿਆ, ਜਿਨ੍ਹਾਂ ਵੱਲੋਂ ਬੱਚੇ ਨੂੰ ਪੁਰਹੀਰਾਂ ਪੁਲਿਸ ਚੌਕੀ ਲਿਆਂਦਾ ਗਿਆ।ਹੁਣ ਪੁਲਿਸ ਵਲੋਂ ਬੱਚੇ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।