ਪੰਜਾਬ ਹਰਿਆਣਾ ਹਾਈਕੋਰਟ ਵਿਚ ਹੋਈ ਨਸ਼ਿਆਂ ਦੇ ਮਾਮਲੇ 'ਤੇ ਅਹਿਮ ਸੁਣਵਾਈ, 4 ਰਿਪੋਰਟਾਂ ਪੇਸ਼ 

ਏਜੰਸੀ

ਖ਼ਬਰਾਂ, ਪੰਜਾਬ

- ਸਾਬਕਾ DGP ਦਿਨਕਰ ਗੁਪਤਾ ਅਤੇ ਚਟੋਪਾਧਿਆ ਨੂੰ ਨੋਟਿਸ ਜਾਰੀ

punjab haryana High Court

ਚੰਡੀਗੜ੍ਹ - ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਨਸ਼ਿਆਂ ਦੇ ਮਾਮਲੇ 'ਤੇ ਅਹਿਮ ਸੁਣਵਾਈ  ਹੋਈ ਤੇ ਇਸ ਸੁਣਵਾਈ ਦੌਰਾਨ ਅਦਾਲਤ ਵਿਚ 4 ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਤੇ ਖੋਲ੍ਹੀਆਂ ਗਈਆਂ। ਹਾਈਕੋਰਟ ਨੇ 4 ਵਿਚੋਂ 3 ਰਿਪੋਰਟਾਂ 'ਤੇ ਕਾਰਵਾਈ ਕਰਦਿਆਂ ਸਾਬਕਾ DGP ਦਿਨਕਰ ਗੁਪਤਾ ਅਤੇ ਚਟੋਪਾਧਿਆ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈਕੋਰਟ ਨੇ ਇਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਮਈ ਨੂੰ ਹੋਵੇਗੀ। 

ਇਸ ਸਬੰਧੀ ਐਡਵੋਕੇਟ ਨਵਕਿਰਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 23 ਮਈ 2018 ਨੂੰ ਜਸਟਿਸ ਸੂਰੀਆਕਾਂਤ ਦੀ ਬੈਂਚ ਨੇ 4 ਰਿਪੋਰਟਾਂ ਪੜ੍ਹ ਕੇ ਬੰਦ ਕਰ ਦਿੱਤੀਆਂ ਸਨ ਉਸ ਤੋਂ ਬਾਅਦ ਜਨਵਰੀ 2022 ਵਿਚ ਦਰਖ਼ਾਸਤ ਲਗਾਈ ਸੀ ਕਿ ਰਿਪੋਰਟਾਂ ਖੋਲ੍ਹੀਆਂ ਜਾਣ ਤੇ ਉਹ ਰਿਪੋਰਟਾਂ ਅੱਜ ਜਾ ਕੇ ਖੁੱਲ੍ਹੀਆਂ ਹਨ। ਇਹਨਾਂ ਰਿਪੋਰਟਾਂ ਵਿਚੋਂ 3 ਰਿਪੋਰਟਾਂ 'ਤੇ ਐੱਸਆਈਟੀ ਦੀ ਟੀਮ ਨੇ ਦਸਤਖ਼ਤ ਕੀਤੇ ਹਨ ਤੇ ਸਰਕਾਰ ਨੂੰ ਜੱਜ ਨੇ ਐਕਸ਼ਨ ਲੈਣ ਲਈ ਕਿਹਾ ਹੈ। ਉਹਨਾਂ ਦੱਸਿਆ ਕਿ ਕੋਰਟ ਨੇ ਸਾਬਕਾ ਡੀਜੀਪੀ ਦਿਨਕਰ ਗੁਪਤਾ, ਸੁਰੇਸ਼ ਅਰੋੜਾ ਅਤੇ ਚਟੋਪਾਧਿਆ ਨੂੰ ਅਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੱਜ ਨੇ ਅਜੇ ਚੌਥੀ ਰਿਪੋਰਟ ਬੰਦ ਰੱਖਣ ਲਈ ਹੀ ਕਿਹਾ ਹੈ। ਉਹਨਾਂ ਨੇ ਦੱਸਿਆ ਕਿ ਕੋਰਟ ਨੇ ਇਹ ਰਿਪੋਰਟਾਂ ਖੋਲ ਲਈਆਂ ਹਨ ਤੇ ਅਦਾਲਤ ਨੇ ਜਿਨ੍ਹਾਂ ਦੇ ਵੀ ਨਾਮ ਇਹਨਾਂ ਰਿਪੋਰਟਾਂ ਵਿਚ ਹਨ ਉਹਨਾਂ 'ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।