'ਅਪਣਾ ਘਰ' ਜਿਨਸੀ ਸ਼ੋਸ਼ਣ ਮਾਮਲਾ ਜਸਵੰਤੀ ਦੇਵੀ ਸਣੇ ਦੋ ਨੂੰ ਉਮਰ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲ ਨੌਂ ਦੋਸ਼ੀਆਂ ਨੂੰ ਵੱਖ-ਵੱਖ ਸਜ਼ਾਵਾਂ

Jaswant Kaur

 ਹਰਿਆਣਾ ਦੇ ਵਿਵਾਦਤ  'ਅਪਣਾ ਘਰ' ਜਿਨਸੀ ਸ਼ੋਸ਼ਣ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਅੱਜ ਅਪਣਾ ਫ਼ੈਸਲਾ ਸੁਣਾ ਦਿਤਾ ਹੈ। 
ਸੀਬੀਆਈ ਅਦਾਲਤ ਦੇ ਜੱਜ ਜਗਦੀਪ ਸਿਂੰਘ ਨੇ ਅਪਣੇ ਇਸ ਫ਼ੈਸਲੇ ਤਹਿਤ ਮੁੱਖ ਦੋਸ਼ੀ ਜਸਵੰਤੀ ਦੇਵੀ  ਸਣੇ 9 ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ। ਜਿਸ ਤਹਿਤ 'ਆਪਣਾ ਘਰ' ਬਾਲ ਸੰਭਾਲ ਘਰ ਦੀ ਸੰਚਾਲਿਕਾ ਜਸਵੰਤੀ ਦੇਵੀ,  ਉਸ ਦੇ  ਜੁਆਈ ਜੈ ਭਗਵਾਨ ਅਤੇ ਡਰਾਈਵਰ ਸਤੀਸ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਦਕਿ ਜਸਵੰਤੀ ਦੇਵੀ ਦੇ ਭਰਾ ਜਸਵੰਤ ਨੂੰ 7 ਸਾਲ ਦੀ ਸਜ਼ਾ ਹੋਈ।  ਉਥੇ ਹੀ ਤਿੰਨ ਦੋਸ਼ੀਆਂ  ਵੀਨਾ,  ਸ਼ੀਲਾ,  ਸਿੰਮੀ ਨੂੰ ਅੰਡਰਗੋਨ  (ਜਿੰਨੀ ਸਜ਼ਾ ਕੱਟ ਚੁੱਕੇ ਹਨ ਉਨੀ ਹੀ ਸਜ਼ਾ) ਅਤੇ ਦੋ ਦੋਸ਼ੀਆਂ ਰਾਮ ਪ੍ਰਕਾਸ਼ ਅਤੇ  ਰੋਸ਼ਨੀ ਨੂੰ ਪ੍ਰੋਬੇਸ਼ਨਰੀ ਦਾ ਫ਼ੈਸਲਾ ਸੁਣਾਇਆ। ਲੰਘੀ  18 ਅਪ੍ਰੈਲ ਨੂੰ ਸੀ ਬੀ ਆਈ ਕੋਰਟ ਨੇ ਮੁੱਖ ਦੋਸ਼ੀ ਜਸਵੰਤੀ ਦੇਵੀ  ਸਣੇ 9 ਜਣਿਆਂ  ਨੂੰ ਦੋਸ਼ੀ ਕਰਾਰ ਦਿਤਾ ਸੀ। ਇਸ ਕੇਸ ਵਿਚ ਰੋਹਤਕ ਦੀ ਸਾਬਕਾ ਬਾਲ ਵਿਕਾਸ ਯੋਜਨਾ ਅਧਿਕਾਰੀ ਅੰਗ੍ਰੇਜ ਕੌਰ ਹੁੱਡਾ ਨੂੰ ਸਬੂਤਾਂ ਦੀ ਅਣਹੋਂਦ ਵਿਚ ਬਰੀ ਕਰ ਦਿਤਾ ਸੀ । ਦਸਣਯੋਗ  ਹੈ ਕਿ 8 ਮਈ 2012 ਨੂੰ ਅਪਣਾ ਘਰ ਦੇ ਨਾਮ ਨਾਲ ਚੱਲ ਰਹੇ ਯਤੀਮਖ਼ਾਨੇ ਵਿਚ ਰਾਸ਼ਟਰੀ ਬਾਲ ਅਧਿਕਾਰ ਰਖਿਆ ਕਮਿਸ਼ਨ ਦੀ ਟੀਮ ਨੇ ਛਾਪਿਆ ਮਾਰਿਆ ਸੀ।

ਇਹ ਕਾਰਵਾਈ ਇਥੇ ਜਿਨਸੀ ਸੋਸ਼ਣ ਦਾ ਹੋਈਆਂ  ਤਿੰਨ ਲੜਕੀਆਂ ਦੇ ਦਿੱਲੀ ਵਿਚ ਫੜੇ ਜਾਣ ਉੱਤੇ ਹੋਈ ਸੀ। ਛਾਪੇ ਤੋਂ ਬਾਅਦ ਅਪਣਾ ਘਰ ਦੀ ਸੰਚਾਲਿਕਾ ਜਸਵੰਤੀ ਅਤੇ ਹੋਰਨਾਂ ਵਿਰੁਧ ਦੇਹ ਵਪਾਰ,  ਸ਼ੋਸ਼ਣ,  ਕੁੱਟਮਾਰ, ਗਰਭਪਾਤ ਅਤੇ ਮਨੁੱਖ ਤਸਕਰੀ ਆਦਿ  ਦੇ ਮਾਮਲੇ ਦਰਜ ਕੀਤੇ ਸਨ।  ਹਰਿਆਣਾ ਪੁਲਿਸ ਦੀ ਸ਼ੁਰੁਆਤੀ ਜਾਂਚ  ਤੋਂ ਬਾਅਦ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ। ਅਗੱਸਤ 2012 ਨੂੰ ਚਲਾਨ ਵਿਚ ਸੀਬੀਆਈ ਨੇ ਜਸਵੰਤੀ ਦੇਵੀ ਨੂੰ ਮਾਮਲੇ ਦੀ ਮੁੱਖ ਦੋਸ਼ੀ ਬਣਾਇਆ ਸੀ। ਟਰਾਇਲ ਦੌਰਾਨ ਦੋਸ਼ੀਆਂ 'ਤੇ ਬਲਤਕਾਰ, ਸਮੂਹਕ ਬਲਾਤਕਾਰ, ਅਨੈਤਿਕ ਤਸਕਰੀ, ਸੱਟ ਮਾਰਨਾ, ਗੰਭੀਰ ਸੱਟ, ਛੇੜਛਾੜ, ਬੰਧੂਆ ਮਜ਼ਦੂਰੀ,  ਮਹਿਲਾ ਦੀ ਸਹਿਮਤੀ  ਦੇ ਬਿਨਾਂ ਗਰਭਪਾਤ  ਅਤੇ ਬੱਚਿਆਂ  ਦੇ ਨਾਲ ਬੇਰਹਿਮੀ ਜਿਹੇ ਦੋਸ਼ਾਂ ਉੱਤੇ ਦੋਵਾਂ ਪੱਖਾਂ ਨੇ ਅਪਣੀਆਂ ਦਲੀਲਾਂ ਦਿਤੀਆਂ ਸਨ।  ਇਸ ਮਾਮਲੇ ਵਿਚ ਅੰਤਮ ਬਹਿਸ 14 ਫ਼ਰਵਰੀ ਵਲੋਂ ਸ਼ੁਰੂ ਹੋਈ ਸੀ।  ਮੁਕੱਦਮੇ ਦੌਰਾਨ 122 ਗਵਾਹਾਂ ਦੀ ਗਵਾਹੀ ਕਰਵਾਈ ਗਈ। ਇਕ ਵਕੀਲ ਨੇ ਦਸਿਆ ਕਿ ਇਸ ਮਾਮਲੇ ਵਿਚ 10-12 ਬੱਚੀਆਂ ਅਤੇ ਨੌਜਵਾਨ ਕੁੜੀਆਂ  ਦੀ ਗਵਾਹੀ ਇਸ ਮਾਮਲੇ ਲਈ ਮਹੱਤਵਪੂਰਨ ਸੀ, ਕਿਉਂਕਿ ਉਨ੍ਹਾਂ ਵਿਚੋਂ ਕੁੱਝ ਨੇ ਮੁੱਖ ਦੋਸ਼ੀ ਦੀ ਪਛਾਣ ਕੀਤੀ ਸੀ ਅਤੇ ਆਪਣਾ ਘਰ ਵਿਚ ਅਪਣੀ ਠਹਿਰ ਦੌਰਾਨ ਦੀ ਆਪਬੀਤੀ  ਬਾਰੇ ਦਸਿਆ ਸੀ। ਇਸ ਕੇਸ ਵਿਚ ਬਾਅਦ ਵਿਚ ਜੈ ਭਗਵਾਨ ਅਤੇ ਸਤੀਸ਼ ਉੱਤੇ ਗੈਂਗਰੇਪ ਦੀਆਂ ਧਾਰਾਵਾਂ ਜੋੜੀਆਂ ਸਨ।