ਅਰੁਣਾ ਚੌਧਰੀ ਵਲੋਂ ਟਰਾਂਸਪੋਰਟ ਖੇਤਰ ਵਿਚ ਅਨੁਸ਼ਾਸਨਹੀਣਤਾ ਨੂੰ ਠੱਲ੍ਹ ਪਾਉਣ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਟਿੰਗ ਵਿਚ ਜਨਤਕ ਆਵਾਜਾਈ ਖੇਤਰ ਨੂੰ ਮਜ਼ਬੂਤ ਕਰਨ 'ਤੇ ਕੀਤੀਆਂ ਵਿਚਾਰਾਂ

Aruna Chaudary

ਚੰਡੀਗੜ੍ਹ, 27 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਵਿਚ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਜਨਤਕ ਆਵਾਜਾਈ ਖੇਤਰ ਨੂੰ ਹੋਰ ਮਜ਼ਬੂਤ ਕਰਨ, ਟਰਾਂਸਪੋਰਟ ਖੇਤਰ ਵਿਚ ਅਨੁਸ਼ਾਸਨਹੀਣਤਾ ਅਤੇ ਨਿਜੀ ਬੱਸ ਆਪਰੇਟਰਾਂ ਦੀਆਂ ਮਨਮਾਨੀਆਂ ਨੂੰ ਠੱਲ੍ਹ ਪਾਉਣ ਲਈ ਕਮਰ ਕਸਣ ਲਈ ਕਿਹਾ। ਉਨ੍ਹਾਂ ਖੇਤਰੀ ਟਰਾਂਸਪੋਰਟ ਅਥਾਰਟੀ ਦੇ ਸਕੱਤਰਾਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਟੈਕਸਾਂ ਦੀ ਉਗਰਾਹੀ ਸਬੰਧੀ ਤੈਅ ਕੀਤੇ ਟੀਚਿਆਂ ਨੂੰ ਹਰ ਹਾਲ ਵਿਚ ਸਮੇਂ ਸਿਰ ਪੂਰਾ ਕੀਤਾ ਜਾਵੇ ਅਤੇ ਨਵੇਂ ਆਈ.ਟੀ. ਸਿਸਟਮ ਨੂੰ ਲਾਗੂ ਕਰਦਿਆਂ ਰਜਿਸਟ੍ਰੇਸ਼ਨ ਸਰਟੀਫ਼ੀਕੇਟ (ਆਰ.ਸੀ.) ਤੇ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਜਾਣ। ਇਹ ਨਿਰਦੇਸ਼ ਸ੍ਰੀਮਤੀ ਚੌਧਰੀ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕਰਦਿਆਂ ਦਿਤੇ।

ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਵਿਚ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਵਿਭਾਗ ਵਲੋਂ ਦੋ ਮਹੀਨਿਆਂ ਦੇ ਅੰਦਰ 600 ਨਵੀਂਆਂ ਬਸਾਂ ਪਾਈਆਂ ਜਾਣਗੀਆਂ ਜਿਨ੍ਹਾਂ ਵਿਚ ਪਨਬਸ ਦੀਆਂ 300 ਸਧਾਰਨ ਤੇ 30 ਵਾਲਵੋ ਅਤੇ ਪੀ.ਆਰ.ਟੀ.ਸੀ. ਦੀਆਂ 250 ਤੋਂ ਵੱਧ ਬਸਾਂ ਦੀ ਫਲੀਟ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਸਾਂ ਖ਼ਰੀਦਣ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਜਲਦ ਹੀ ਇਸ ਨੂੰ ਪੂਰਾ ਕਰ ਕੇ ਨਵੀਆਂ ਬਸਾਂ ਸੜਕਾਂ 'ਤੇ ਉਤਰਨਗੀਆਂ ਅਤੇ ਦੂਰ ਦਰਾਡੇ ਤੇ ਆਵਾਜਾਈ ਤੋਂ ਸੱਖਣੇ ਖੇਤਰਾਂ ਲਈ ਨਵੇਂ ਰੂਟ ਚਲਾਏ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹੀਆਂ ਹੀ ਗਤੀਵਿਧੀਆਂ ਨੂੰ ਰੋਕਣ ਲਈ ਪ੍ਰਾਈਵੇਟ ਬਸਾਂ 'ਤੇ ਗਲੋਬਲ ਪੋਜੀਸ਼ੀਨਿੰਗ ਸਿਸਟਮ (ਜੀ.ਪੀ.ਐਸ.) ਤਕਨੀਕ ਲਗਾਉਣੀ ਲਾਜ਼ਮੀ ਕਰਨ ਲਈ ਕਿਹਾ ਜਾਵੇਗਾ। ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।