ਗੁਰੂ ਨਾਨਕ ਸਾਹਿਬ ਬਾਰੇ ਟਿੱਪਣੀ ਲਈ ਪਾਕਿਸਤਾਨ ਸਰਕਾਰ ਹਾਫ਼ਿਜ਼ ਵਿਰੁਧ ਕਾਨੂੰਨੀ ਕਾਰਵਾਈ ਯਕੀਨੀ ਬਣਾਏ
ਗੁਰਦਵਾਰਾ ਡਾਂਗਮਾਰ ਸਾਹਿਬ ਦੇ ਦਰਸ਼ਨਾਂ 'ਤੇ ਪਾਬੰਦੀ ਲਾ ਕੇ, ਸਿੱਕਮ ਸਰਕਾਰ ਨੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ
ਨਵੀਂ ਦਿੱਲੀ, 27 ਅਪ੍ਰੈਲ (ਅਮਨਦੀਪ ਸਿੰਘ) : ਹਾਫ਼ਿਜ਼ ਸਈਅਦ ਦੇ ਸਾਲੇ ਤੇ ਲਸ਼ਕਰ ਦੇ ਕਮਾਂਡਰ ਅਬਦੁੱਲ ਰਹਿਮਾਨ ਮੱਕੀ ਵਲੋਂ ਗੁਰੂ ਨਾਨਕ ਸਾਹਿਬ ਬਾਰੇ ਕੀਤੀ ਗਈ ਬੇਹੂਦਾ ਟਿੱਪਣੀ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਨੇ ਪਾਕਿਸਤਾਨ ਸਰਕਾਰ ਨੂੰ ਚਿੱਠੀ ਲਿੱਖ ਕੇ, ਉਸ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਮੱਕੀ ਵਿਰੁਧ ਈਸ਼ ਨਿੰਦਾ ਕਾਨੂੰਨ ਅਧੀਨ ਮੁਕੱਦਮਾ ਦਰਜ ਕਰੇ, ਜੇ ਅਜਿਹਾ ਨਹੀਂ ਹੁੰਦਾ ਤਾਂ ਦਿੱਲੀ ਗੁਰਦਵਾਰਾ ਕਮੇਟੀ ਕੌਮਾਂਤਰੀ ਅਦਾਲਤ ਵਿਚ ਜਾਵੇਗੀ।ਉਨ੍ਹਾਂ ਇਸ ਬਾਰੇ ਪਾਕਿਸਤਾਨ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਤਾਰਾ ਸਿੰਘ ਅਤੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੂੰ ਵੀ ਚਿੱਠੀਆਂ ਭੇਜੀਆਂ ਹਨ।ਜ਼ਿਕਰਯੋਗ ਹੈ ਕਿ ਅਬਦੁੱਲ ਰਹਿਮਾਨ ਮੱਕੀ ਨੇ ਪਾਕਿਸਤਾਨ ਦੇ ਮੁਲਤਾਨ ਸ਼ਹਿਰ ਵਿਚ ਦਾਅਵਾ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਇਸਲਾਮ ਨੂੰ ਬਦਨਾਮ ਕਰਨ ਲਈ ਸਾਜ਼ਸ਼ਾਂ ਰੱਚੀਆਂ ਸਨ। ਸ.ਜੀ.ਕੇ. ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ 2019 ਵਿਚ ਦੁਨੀਆ ਭਰ ਤੋਂ ਸਿੱਖ ਸੰਗਤ ਨੇ ਪਾਕਿਸਤਾਨ ਪੁੱਜਣਾ ਹੈ, ਅਜਿਹੇ ਵਿਚ ਪਾਕਿਸਤਾਨੀ ਸਰਕਾਰ ਮੱਕੀ ਦੇ ਜ਼ਹਿਰੀਲੇ ਬੋਲਾਂ ਵਿਰੁਧ ਕਾਨੂੰਨੀ ਕਾਰਵਾਈ ਕਰਨਾ ਯਕੀਨੀ ਬਣਾਏ।
ਇਸ ਦੌਰਾਨ ਉਨ੍ਹਾਂ ਸਿੱਕਮ ਵਿਚ ਇਤਿਹਾਸਕ ਗੁਰਦਵਾਰਾ ਡਾਂਗਮਾਰ ਸਾਹਿਬ ਦੇ ਦਰਸ਼ਨਾਂ ਲਈ ਸਿੱਖਾਂ 'ਤੇ ਲਾਈ ਗਈ ਪਾਬੰਦੀ ਨੂੰ ਸਿੱਖਾਂ ਨਾਲ ਵਿਤਕਰਾ ਦਸਦਿਆਂ ਪੁਛਿਆ ਹੈ ਕਿ ਕੀ ਹੁਣ ਸਿੱਖਾਂ ਨੂੰ ਭਾਰਤ ਵਿਚ ਸਿਕੱਮ ਵਿਚ ਜਾਣ ਲਈ ਵੀਜ਼ਾ ਲੈਣਾ ਪਵੇਗਾ? ਉਨਾਂ੍ਹ ਦਸਿਆ ਕਿ ਸਿੱਕਮ ਵਿਚ ਸਿੱਖਾਂ 'ਤੇ ਪਾਬੰਦੀ ਬਾਰੇ ਉਨਾਂ੍ਹ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਘੱਟ-ਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਚਿੱਠੀਆਂ ਭੇਜ ਕੇ, ਇਸ ਮਸਲੇ ਦੇ ਹੱਲ ਦੀ ਬੇਨਤੀ ਕੀਤੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਜੀ.ਕੇ. ਨੇ ਹੈਰਾਨੀ ਪ੍ਰਗਟਾਈ ਹੈ ਕਿ ਸਿੱਕਮ ਸਰਕਾਰ ਨੇ ਗੁਰਦਵਾਰਾ ਡਾਂਗਮਾਰ ਸਾਹਿਬ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ 'ਤੇ ਪਾਬੰਦੀ ਲਾ ਦਿਤੀ ਹੈ, ਜੋਕਿ ਸਿੱਖਾਂ ਦੇ ਜ਼ਮਹੂਰੀ ਹੱਕਾਂ ਤੇ ਡਾਕਾ ਹੈ ਅਤੇ ਐਮਰਜੈਂਸੀ ਵਰਗੀ ਹਾਲਤ ਹੈ। ਉਨ੍ਹ੍ਹਾਂ ਕਿਹਾ ਕਿ ਜਦੋਂ ਕਿ ਚੀਨ ਸਿੱਕਮ ਨੂੰ ਅਪਣਾ ਇਲਾਕਾ ਆਖਦਾ ਨਹੀਂ ਥੱਕਦਾ ਤੇ ਸਾਡੇ ਮੁਤਾਬਕ ਸਿੱਕਮ ਭਾਰਤ ਦਾ ਹਿੱਸਾ ਹੈ, ਪਰ ਜਿਸ ਤਰ੍ਹਾਂ ਸਿੱਖ ਸ਼ਰਧਾਲੂਆਂ ਨੂੰ ਸਿੱਕਮ ਵਿਚ ਵੜਨ 'ਤੇ ਪਾਬੰਦੀ ਲਾ ਦਿਤੀ ਗਈ ਹੈ, ਉਹ ਇਹੀ ਇਸ਼ਾਰਾ ਕਰਦਾ ਹੈ ਕਿ ਸਿਕਮ ਵੱਖਰਾ ਦੇਸ਼ ਬਣ ਰਿਹੈ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ, ਕਾਨੂੰਨੀ ਮਹਿਕਮੇ ਦੇ ਚੇਅਰਮੈਨ ਸ.ਜਸਵਿੰਦਰ ਸਿੰਘ ਜੌਲੀ, ਸ.ਪਰਮਜੀਤ ਸਿੰਘ ਚੰਢੋਕ, ਚਮਨ ਸਿੰਘ ਸ਼ਾਹਪੁਰਾ ਆਦਿ ਹਾਜ਼ਰ ਸਨ।