ਕਾਂਗੜ ਵਲੋਂ ਬਠਿੰਡਾ ਥਰਮਲ ਦੇ ਦੋ ਯੂਨਿਟਾਂ ਨੂੰ ਮੁੜ ਚਲਾਉਣ ਦਾ ਇਸ਼ਾਰਾ
ਢਾਣੀਆਂ 'ਚ ਬੈਠੇ ਇਕੱਲੇ ਘਰ ਨੂੰ ਵੀ ਸਰਕਾਰੀ ਖ਼ਰਚੇ 'ਤੇ ਮਿਲੇਗੀ ਨਿਰਵਿਘਨ ਸਪਲਾਈ: ਕਾਂਗੜ
ਬਠਿੰਡਾ, 27 ਅਪ੍ਰੈਲ (ਸੁਖਜਿੰਦਰ ਮਾਨ): ਸੂਬੇ ਦੇ ਨਵੇਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਬਠਿੰਡਾ ਥਰਮਲ ਦੇ ਬੰਦ ਹੋਏ ਚਾਰ ਯੂਨਿਟਾਂ ਵਿਚੋਂ ਦੋ ਨੂੰ ਮੁੜ ਚਲਾਉਣ ਦਾ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੀਨੀਕਰਨ ਵਾਲੇ ਦੋ ਯੂਨਿਟਾਂ ਨੂੰ ਲੋੜ ਪੈਣ 'ਤੇ ਮੁੜ ਚਲਾਉਣ ਬਾਰੇ ਸੋਚਿਆ ਜਾ ਸਕਦਾ ਹੈ। ਅੱਜ ਬਠਿੰਡਾ ਵਿਖੇ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੁੱਜੇ ਕੈਬਨਿਟ ਮੰਤਰੀ ਸ. ਕਾਂਗੜ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ 'ਚ ਲੱਗੇ ਪ੍ਰਾਈਵੇਟ ਥਰਮਲਾਂ ਨਾਲ ਹੋਏ ਬਿਜਲੀ ਸਮਝੌਤਿਆਂ ਨੂੰ ਵੀ ਘੋਖਨ ਦਾ ਐਲਾਨ ਕਰਦਿਆਂ ਦਾਅਵਾ ਕਰਦਿਆਂ ਕਿਹਾ ਕਿ ਉਣਤਾਈਆਂ ਨੂੰ ਪੰਜਾਬ ਦੀ ਜਨਤਾ ਸਾਹਮਣੇ ਜੱਗ ਜਾਹਰ ਕੀਤਾ ਜਾਵੇਗਾ। ਸ. ਕਾਂਗੜ ਨੇ ਇਸ ਤੋਂ ਪਹਿਲਾਂ ਬਠਿੰਡਾ ਥਰਮਲ ਦੇ ਚਾਰੇ ਯੂਨਿਟ ਬੰਦ ਹੋਣ ਕਾਰਨ ਕੱਢੇ 635 ਕੱਚੇ ਕਾਮਿਆਂ ਨੂੰ ਪੈਸਕੋ ਅਧੀਨ ਮੁੜ ਭਰਤੀ ਕਰਨ ਦੇ ਨਿਯੁਕਤੀ ਪੱਤਰ ਵੰਡੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ 183 ਕਾਮਿਆਂ ਨੂੰ ਬਠਿੰਡਾ ਵਿਖੇ ਹੀ ਰੱਖਿਆ ਜਾਵੇਗਾ ਜਦਕਿ ਦੂਜਿਆਂ ਨੂੰ ਵੀ ਨੇੜੇ-ਤੇੜੇ ਹੀ ਤੈਨਾਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹ ਬਠਿੰਡਾ ਸ਼ਹਿਰ 'ਚ ਅਪਣੇ ਕਈ ਸਮਰਥਕਾਂ ਦੇ ਘਰ ਵੀ ਪੁੱਜੇ। ਉਂਜ ਉਨ੍ਹਾਂ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਤੇ ਰੋਪੜ ਥਰਮਲ ਪਲਾਂਟ ਨੂੰ ਬੰਦ ਕਰਨ ਲਈ ਪਿਛਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਸ. ਕਾਂਗੜ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਕਿਸਾਨਾਂ ਸਹਿਤ ਉਦਯੋਗਾਂ ਤੇ ਆਮ ਲੋਕਾਂ ਨੂੰ ਸਸਤੀ ਬਿਜਲੀ ਮੁਹਈਆ ਕਰਵਾਉਣੀ ਹੈ, ਇਸ ਲਈ ਜਲਦੀ ਹੀ 3648 ਨਵੇਂ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਉਦਯੋਗ ਜਗਤ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹਈਆ ਕਰਵਾਉਣ ਦਾ ਮਕਸਦ ਅਕਾਲੀ-ਭਾਜਪਾ ਸਰਕਾਰ ਦੌਰਾਨ ਸੂਬੇ ਵਿਚੋਂ ਬਾਹਰ ਗਏ ਉਦਯੋਗਾਂ ਨੂੰ ਪੰਜਾਬ ਵਿਚ ਮੁੜ ਸੁਰਜੀਤ ਕਰਨਾ ਹੈ। ਇਸ ਤੋਂ ਇਲਾਵਾ ਉਨ੍ਹਾਂ ਘਰੇਲੂ ਬਿਜਲੀ ਸਪਲਾਈ ਲਈ ਅਰਜ਼ੀ ਦਿਤੇ ਜਾਣ ਦੇ ਸੱਤ ਦਿਨਾਂ 'ਚ ਕੁਨੈਕਸ਼ਨ ਦੇਣ ਅਤੇ ਪਿੰਡਾਂ ਤੋਂ ਦੂਰ ਰਹਿੰਦੇ ਘਰਾਂ ਨੂੰ ਸਰਕਾਰੀ ਖ਼ਰਚੇ 'ਤੇ ਨਿਰਵਿਘਨ ਸਪਲਾਈ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆ, ਜ਼ਿਲ੍ਹਾ ਪ੍ਰੈਸ ਸਕੱਤਰ ਰੁਪਿੰਦਰ ਬਿੰਦਰਾ, ਸੀਨੀਅਰ ਆਗੂ ਰੁਪਿੰਦਰਜੀਤ ਸਿੰਘ ਸੰਗਤ, ਸਰਵਜੀਤ ਸਿੰਘ ਬਰਾੜ, ਦੇਵ ਰਾਜ ਪੱਕਾ ਆਦਿ ਆਗੂ ਹਾਜ਼ਰ ਸਨ।