ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਅਜ਼ਾਦ ਕਰਾਉਣ ਲਈ ਇਕ ਮੰਚ 'ਤੇ ਇੱਕਠੇ ਹੋਣ ਸਿੱਖ: ਸਿਰਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਨੇ ਅਪਣੇ ਹੀ ਗੁਰੂਆਂ ਵਿਰੁਧ ਕਿਤਾਬਾਂ ਛਾਪ ਕੇ ਸਿੱਖਾਂ ਨਾਲ ਧੋਖਾ ਕੀਤਾ

Sikhs to be together on a forum to liberate SGPC: Sirsa

ਅੰਮ੍ਰਿਤਸਰ : ਪੰਥਕ ਆਗੂ ਬਲਦੇਵ ਸਿੰਘ ਸਿਰਸਾ ਮੁੱਖ ਸੇਵਾਦਾਰ ਲੋਕ ਭਲਾਈ ਵੈਲਫ਼ੇਅਰ ਸੁਸਾਇਟੀ ਨੇ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਸ੍ਰ. ਪ੍ਰਕਾਸ਼ ਸਿੰਘ ਬਾਦਲ  ਪਰਵਾਰ ਵਲੋਂ ਸਿੱਖਾਂ ਦੀਆਂ ਮਹਾਨ ਸੰਸਥਾਵਾਂ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਨੂੰ ਅਜ਼ਾਦ ਕਰਵਾਉਣ ਲਈ ਜ਼ੋਰ ਦਿਤਾ ਹੈ। ਸਿਰਸਾ ਨੇ ਬਾਦਲਾਂ ਕੋਲੋਂ ਸ਼੍ਰੋਮਣੀ ਕਮੇਟੀ ਆਜ਼ਾਦ ਕਰਾਉਣ ਲਈ ਸਿੱਖਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਸਿਰਸਾ ਮੁਤਾਬਕ ਆਰ ਐਸ ਐਸ ਤੇ ਭਾਜਪਾ ਦਾ ਦਖ਼ਲ ਸਿੱਖ ਸੰਸਥਾਵਾਂ 'ਚ ਵੱਧ ਗਿਆ ਹੈ। ਇਸ ਲਈ ਬਾਦਲ ਪਰਵਾਰ ਜ਼ੁੰਮੇਵਾਰ ਹੈ। 

ਬਾਦਲ ਪਰਵਾਰ ਵਲੋਂ ਜਿਥੇ ਅਕਾਲ ਤਖ਼ਤ ਸਾਹਿਬ ਦੀ ਪ੍ਰੰਪਰਾ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਗੁਰੂ ਗੰ੍ਰਥ ਸਾਹਿਬ ਦਾ ਨਿਰਾਦਰ ਖ਼ੁਦ ਕਰਵਾਇਆ ਗਿਆ ਹੈ ਆਦਿ। ਪਰ ਇਸ ਤੋਂ ਵੀ ਅੱਗੇ ਜਾ ਕੇ ਜੋ ਇਨ੍ਹਾਂ ਨੇ ਲਿਖਤੀ ਤੌਰ 'ਤੇ ਇਤਿਹਾਸ ਨਾਲ ਛੇੜਛਾੜ ਕਰ ਕੇ ਗੁਰ ਇਤਿਹਾਸ ਅਤੇ ਸਿੱਖਾਂ (ਸਿੰਘਾਂ) ਦੇ ਸ਼ਾਨਾਮਤੇ ਇਤਿਹਾਸ ਨਾਲ ਖਿਲਵਾੜ ਕੀਤਾ ਗਿਆ ਹੈ। ਉਸ ਦਾ ਟੂਕ ਮਾਤਰ ਵੇਰਵਾ ਸਬੂਤਾਂ ਸਮੇਤ ਅੱਗੇ ਲਿਖਿਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਦੀ ਜ਼ਿੰਮੇਵਾਰੀ ਕੇਵਲ ਤੇ ਕੇਵਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨਾ ਸੀ।

ਪਰ ਇਸ ਵਲੋਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਇਸ ਦੀ ਤਾਜ਼ਾ ਮਿਸ਼ਾਲ ਸ੍ਰੀ ਤਰਨਤਾਰਨ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਨੂੰ ਲਿਖਤੀ ਤੌਰ 'ਤੇ ਪਹਿਲਾਂ ਵੱਖ-ਵੱਖ ਮਤਿਆਂ ਰਾਹੀਂ ਢਾਹੁਣ ਦੀ ਪ੍ਰਵਾਨਗੀ ਦੇਣੀ। ਸਿੱਖ ਸੰਗਤਾਂ ਵਲੋਂ ਵਿਰੋਧ ਕਰਨ ਤੋਂ ਬਾਅਦ ਫਿਰ ਮੁਕਰਨਾ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਖ਼ੁਦ ਗੁਰੂ ਸਾਹਿਬਾਨ ਵਿਰੁਧ ਵੱਡੀਆਂ ਵੱਡੀਆਂ ਕਿਤਾਬਾਂ ਛਾਪੀਆਂ ਜਿਵੇਂ ਕਿ, ''ਗੁਰ ਬਿਲਾਸ ਪਾਤਿਸ਼ਾਹੀ ਛੇਵੀ'' ਅਧਿਆਇ ਨੰ: 1 ਪੰਨਾ 15 ਤੇ ਬੇਹੱਦ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤੀ ਗਈ, ਅਧਿਆਇ ਨੰ: 8 ਪੰਨਾ-295 'ਸਿੱਖ ਇਤਿਹਾਸ ਹਿੰਦੀ'',ਗੁਰਮਤਿ ਪ੍ਰਕਾਸ਼ ਮੈਗਜ਼ੀਨ,

ਸਿੱਖ ਕੌਮ ਬੇਸ਼ੱਕ ਤਸਵੀਰਾਂ (ਫ਼ੋਟੋਆਂ) ਦੀ ਉਪਾਸ਼ਕ ਨਹੀਂ ਪਰ ਇਹ ਵੀ ਨਹੀਂ ਕਿ ਅਸੀ ਸਾਹਿਬਜ਼ਾਦਿਆਂ ਦੇ ਕੇਸਾਂ ਦੀ ਕਟਿੰਗ ਅਤੇ ਸਿਰਾਂ ਤੇ ਟੋਪੀਆਂ ਦਰਸਾ ਕੇ ਤਸਵੀਰਾਂ ਛਾਪੀਏ? ਜਿਵੇਂ ਕਿ ਤੁਸੀਂ ਸਾਹਮਣੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਹਰ ਮਹੀਨੇ ਪ੍ਰਕਾਸ਼ਤ ਕੀਤੇ ਜਾਣ ਵਾਲੇ ਗੁਰਮਤਿ ਪ੍ਰਕਾਸ਼ ਮੈਗਜ਼ੀਨ ਦਸੰਬਰ 2013 ਤੇ ਚਾਰ ਸਾਹਿਬਜ਼ਾਦਿਆਂ ਦੀਆਂ ਤਸਵੀਰਾਂ ਵੇਖ ਰਹੇ ਹੋ। ਸੋ ਇਹ ਤਿੰਨੇ ਕਿਤਾਬਾਂ ਕਿਸੇ ਹੋਰ ਨੇ ਨਹੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਖ਼ੁਦ ਪ੍ਰਕਾਸ਼ਤ ਕੀਤੀਆਂ। ਬਾਦਲਾਂ ਦੀ ਸਰਕਾਰ ਸਮੇਂ ਸਿੱਖ ਇਤਿਹਾਸ 'ਤੇ ਇਹ ਲਿਖਤੀ ਹਮਲਾ ਹੈ।