ਜਗਮੀਤ ਬਰਾੜ ਦੇ ਕਰੀਬੀ ਵਿਜੇ ਸਾਥੀ ਨੇ ਫੜਿਆ ਕਾਂਗਰਸ ਦਾ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਵਿਧਾਇਕ ਸਾਥੀ ਦਾ ਕੀਤਾ ਸਵਾਗਤ

Vijay Sathi joins Congress

ਚੰਡੀਗੜ੍ਹ: ਪੰਜਾਬ ਵਿਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸਤ ਚੋਟੀ ਤੱਕ ਪਹੁੰਚ ਚੁੱਕੀ ਹੈ। ਉੱਥੇ ਹੀ ਪਾਰਟੀ ਦੇ ਆਗੂਆਂ ਦਾ ਇਕ ਦਲ ਛੱਡ ਦੂਜੇ ਦਲ ’ਚ ਜਾ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਸਾਬਕਾ ਸਾਂਸਦ ਜਗਮੀਤ ਸਿੰਘ ਬਰਾੜ ਦੇ ਸਮਰਥਨ ਵਿਚ ਕਾਂਗਰਸ ਛੱਡਣ ਦੇ ਚਾਰ ਸਾਲ ਬਾਅਦ ਵਿਜੈ ਕੁਮਾਰ ਸਾਥੀ ਐਤਵਾਰ ਨੂੰ ਫਿਰ ਤੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।

ਦੱਸ ਦਈਏ ਕਿ ਮੋਗਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਨੇ ਜਨਵਰੀ 2015 ਵਿਚ ਕਈ ਹੋਰ ਬਰਾੜ ਸਮਰਥਕਾਂ ਸਮੇਤ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਦਫ਼ਤਰ ਵਿਚ ਵਿਜੇ ਸਾਥੀ ਦਾ ਪਾਰਟੀ ਵਿਚ ਆਉਣ 'ਤੇ ਸਵਾਗਤ ਕੀਤਾ ਅਤੇ ਭਰੋਸਾ ਜਤਾਇਆ ਕਿ ਉਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਫ਼ਾਇਦਾ ਹੋਵੇਗਾ।

ਵਿਜੇ ਕੁਮਾਰ ਨੇ ਅਜਿਹੇ ਸਮੇਂ ਕਾਂਗਰਸ ਪਾਰਟੀ ਮੁੜ ਜੁਆਇਨ ਕੀਤੀ ਹੈ ਜਦੋਂ ਸੂਬੇ ਵਿਚ ਲੋਕ ਸਭਾ ਚੋਣਾਂ ਵਿਚ ਮਹਿਜ਼ ਕੁਝ ਦਿਨ ਬਾਕੀ ਰਹਿ ਗਏ ਹਨ। ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਰਾਹਤ ਮਹਿਸੂਸ ਕਰਦੇ ਹੋਏ ਵਿਜੇ ਸਾਥੀ ਨੇ ਆਖਿਆ ਕਿ ਬਰਾੜ ਇਕ ਤਰਫ਼ਾ ਫ਼ੈਸਲੇ ਲੈ ਰਹੇ ਸਨ। ਇਥੋਂ ਤਕ ਕਿ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਵੀ ਉਨ੍ਹਾਂ ਨੇ ਸਮਰਥਕਾਂ ਦੀ ਸਲਾਹ ਤੋਂ ਬਿਨਾਂ ਲਿਆ ਸੀ। ਵਿਜੇ ਸਾਥੀ ਨੇ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਵੀ ਕਾਂਗਰਸ ਦੀ ਸਫ਼ਲਤਾ ਲਈ ਸਖ਼ਤ ਮਿਹਨਤ ਕਰਨ ਦਾ ਵਾਅਦਾ ਕੀਤਾ।