ਪੰਜਾਬ 'ਚ ਕੋਰੋਨਾ ਵਾਇਰਸ ਨਾਲ ਹੋਈ 19ਵੀਂ ਮੌਤ
ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 330 ਤਕ ਪਹੁੰਚਿਆ, ਤਰਨਤਾਰਨ ਜ਼ਿਲ੍ਹੇ 'ਚ ਵੀ ਕੋਰੋਨਾ ਦੀ ਦਸਤਕ
ਚੰਡੀਗੜ੍ਹ, 27 ਅਪ੍ਰੈਲ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਅੱਜ ਜ਼ਿਲ੍ਹਾ ਤਰਨਤਾਰਨ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿਤੀ ਹੈ। ਇਸ ਜ਼ਿਲ੍ਹੇ ਵਿਚ ਪਹਿਲਾਂ ਇਕ ਵੀ ਪਾਜ਼ੇਟਿਵ ਕੇਸ ਨਹੀਂ ਸੀ ਅਤੇ ਅੱਜ 5 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਬਾਅਦ ਇਹ ਜ਼ਿਲ੍ਹਾ ਵੀ ਗ੍ਰੀਨ ਜ਼ੋਨ ਤੋਂ ਬਾਹਰ ਹੋ ਗਿਆ ਹੈ। ਹੁਣ ਸੂਬੇ ਵਿਚ ਕੁਲ ਕੋਰੋਨਾ ਮਰੀਜ਼ਾਂ ਦੀ ਦੀ ਗਿਣਤੀ 230 ਹੋ ਗਈ ਹੈ। ਮੁੱਖ ਮੰਤਰੀ ਦੇ ਜ਼ਿਲ੍ਹੇ ਪਟਿਆਲਾ ਵਿਚ ਵੀ ਪਹਿਲੀ ਮੌਤ ਹੋਈ ਹੈ ਜੋ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਹੋਈ 19ਵੀਂ ਮੌਤ ਹੈ। ਅੱਜ ਜ਼ਿਲ੍ਹੇ ਦੇ ਸ਼ਹਿਰ ਰਾਜਪੁਰਾ 'ਚ ਪਹਿਲੀ ਮਹਿਲਾ ਪਾਜ਼ੇਟਿਵ ਮਰੀਜ਼ ਦੀ ਮੌਤ ਹੋਈ ਹੈ।
ਕੋਰੋਨਾ ਪਾਜ਼ੇਟਿਵ ਮਹਿਲਾ ਦਾ ਦੇਹਾਂਤ, ਰਾਜਪੁਰਾ ਵਿਖੇ ਅੰਤਮ ਸਸਕਾਰ
ਪਟਿਆਲਾ, 27 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਰਾਜਪੁਰਾ ਦੀ ਕੋਰੋਨਾ ਪਾਜ਼ੇਟਿਵ 62 ਸਾਲਾ ਮਹਿਲਾ ਕਮਲੇਸ਼ ਰਾਣੀ ਪਤਨੀ ਸ੍ਰੀ ਨਰੈਣ ਦਾਸ ਦਾ ਅੱਜ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਇਲਾਜ ਦੌਰਾਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵਲੋਂ ਰਾਜਪੁਰਾ ਦੇ ਇਸਲਾਮਪੁਰ (ਅਨੰਦ ਨਗਰ) ਦੇ ਸ਼ਮਸ਼ਾਨ ਘਾਟ ਵਿਖੇ ਪੂਰੀਆਂ ਧਾਰਮਕ ਰਹੁਰੀਤਾਂ ਮੁਤਾਬਕ ਕਰਵਾਇਆ ਗਿਆ। ਮ੍ਰਿਤਕਾ ਦੇ ਬਾਕੀ ਪਰਵਾਰਕ ਮੈਂਬਰ ਕੋਵਿਡ-19 ਪਾਜ਼ੇਟਿਵ ਹੋਣ ਕਰ ਕੇ ਉਹ ਵੀ ਸਰਕਾਰੀ ਰਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਵਾਰਡ ਵਿਚ ਜੇਰੇ ਇਲਾਜ ਹਨ, ਜਿਸ ਕਰ ਕੇ ਮਹਿਲਾ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਭਾਣਜੇ ਸ੍ਰੀ ਸੁਨੀਲ ਕੁਮਾਰ ਨੇ ਵਿਖਾਈ। ਕਮਲੇਸ਼ ਰਾਣੀ ਦੇ ਸਸਕਾਰ ਮੌਕੇ ਅੰਤਮ ਰਸਮਾਂ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਤਰਫ਼ੋਂ ਪੁੱਜੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਇਸ਼ਵਿੰਦਰ ਸਿੰਘ ਗਰੇਵਾਲ, ਐਸ.ਡੀ.ਐਮ. ਰਾਜਪੁਰਾ ਸ੍ਰੀ ਟੀ ਬੈਨਿਥ ਦੀ ਤਰਫ਼ੋਂ ਤਹਿਸੀਲਦਾਰ ਸ੍ਰੀ ਹਰਸਿਮਰਨ ਸਿੰਘ, ਡੀ.ਐਸ.ਪੀ. ਰਾਜਪੁਰਾ ਸ੍ਰੀ ਅਕਾਸ਼ਦੀਪ ਸਿੰਘ ਔਲਖ, ਏ.ਪੀ.ਆਰ.ਓ. ਸ. ਹਰਦੀਪ ਸਿੰਘ, ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਟਵਾਰੀ ਸ੍ਰੀ ਗੁਰਮੁੱਖ ਸਿੰਘ, ਪਟਵਾਰੀ ਹਰਪਾਲ ਸਿੰਘ ਸਮੇਤ ਥਾਣਾ ਸਿਟੀ ਰਾਜਪੁਰਾ ਦੇ ਇੰਚਾਰਜ ਐਸ.ਆਈ. ਸ. ਬਲਵਿੰਦਰ ਸਿੰਘ ਅਤੇ ਏ.ਪੀ. ਜੈਨ ਹਸਪਤਾਲ ਦੀ ਮੌਰਚਰੀ 'ਚ ਸੇਵਾ ਨਿਭਾ ਰਹੇ ਕਰਮਚਾਰੀ ਸ੍ਰੀ ਕੁਲਵਿੰਦਰ ਸਿੰਘ ਸਮੇਤ ਰਜਿੰਦਰਾ ਹਸਪਤਾਲ ਦੀ ਮੌਰਚਰੀ ਦੇ ਮਾਰਸ਼ਲਾਂ ਭਰਪੂਰ ਸਿੰਘ ਅਤੇ ਬਲਵਿੰਦਰ, ਜੋ ਕਿ ਮ੍ਰਿਤਕ ਦੇਹ ਪਟਿਆਲਾ ਤੋਂ ਲੈਕੇ ਪੁੱਜੇ ਸਨ, ਨੇ ਪੂਰੀਆਂ ਕਰਵਾਈਆਂ। ਇਸ ਦੌਰਾਨ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਐਸ.ਐਮ.ਓ. ਡਾ. ਜਗਪਾਲ ਇੰਦਰ ਸਿੰਘ ਤੇ ਡਾ. ਨਰੇਸ਼ ਬਾਂਸਲ ਵੀ ਮੌਜੂਦ ਸਨ।