ਚੰਡੀਗੜ੍ਹ 'ਚ ਜੀਐਮਸੀਐਚ-32 ਦੇ ਡਾਕਟਰਾਂ ਸਣੇ 9 ਕੋਰੋਨਾ ਪਾਜ਼ੇਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਲ ਗਿਣਤੀ ਹੋਈ 45, ਪਹਿਲੀ ਵਾਰ ਇਕ ਦਿਨ ਚ 9 ਕੇਸ ਸਾਹਮਣੇ ਆਏ

ਕੁੱਲ ਗਿਣਤੀ ਹੋਈ 45, ਪਹਿਲੀ ਵਾਰ ਇਕ ਦਿਨ ਚ 9 ਕੇਸ ਸਾਹਮਣੇ ਆਏ

ਚੰਡੀਗੜ੍ਹ, 27 ਅਪ੍ਰੈਲ (ਤਰੁਣ ਭਜਨੀ): ਸ਼ਹਿਰ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਪਿਛਲੇ 3 ਦਿਨਾਂ ਵਿਚ ਕੋਰੋਨਾ ਦੇ 115 ਕੇਸ ਪਾਜੇਟਿਵ ਪਾਏ ਗਏ ਹਨ। ਹੁਣ ਸ਼ਹਿਰ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 45 ਹੋ ਗਈ ਹੈ। ਸੋਮਵਾਰ ਸਵੇਰੇ ਕੋਰੋਨਾ ਦੇ ਚਾਰ ਮਰੀਜ਼ ਸਨ ਪਰ ਸ਼ਾਮ ਹੁੰਦੇ ਤਕ ਪੰਜ ਹੋਰ ਮਾਮਲੇ ਆਉਣ ਨਾਲ ਇਹ ਗਿਣਤੀ ਵਧ ਕੇ 9 ਹੋ ਗਈ। ਜਿਸ ਨਾਲ ਹੁਣ ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 45 ਹੋ ਗਈ ਹੈ।

ਇਨ੍ਹਾਂ ਵਿਚ ਸਰਕਾਰੀ ਮੈਡੀਕਲ ਕਾਲਜ਼ ਅਤੇ ਹਸਪਤਾਲ (ਜੀਐਮਸੀਐਚ)-ਸੈਕਟਰ 32 ਐਨਸਥੀਸਿਆ ਵਿਭਾਗ ਦੀ 24 ਸਾਲਾ ਮਹਿਲਾ ਡਾਕਟਰ, ਜੀਐਮਸੀਐਚ ਵਿਚ ਹੀ ਇਕ 27 ਸਾਲਾ ਮਹਿਲਾ ਡਾਕਟਰ ,ਸੈਕਟਰ - 21 ਦਾ ਵਾਰਡ ਬੁਆਏ, ਬਾਪੂਧਾਮ ਕਲੋਨੀ ਦੇ ਦੋ ਨੌਜਵਾਨ, ਰਾਮਦਰਬਾਰ ਦਾ 28 ਸਾਲਾ ਨੌਜਵਾਨ, ਸੈਕਟਰ 52 ਦੀ 19 ਸਾਲਾ ਮੁਟਿਆਰ, ਸੈਕਟਰ 30 ਦਾ 41 ਸਾਲਾ ਵਿਅਕਤੀ, ਸੈਕਟਰ 30 ਦੀ 65 ਸਾਲਾ ਮਹਿਲਾ ਕੋਰੋਨਾ ਪਾਜੇਟਿਵ ਪਾਈ ਗਈ ਹੈ। ਇਸਤੋਂ ਪਹਿਲਾਂ ਐਤਵਾਰ ਨੂੰ ਇਕ ਹੀ ਦਿਨ ਵਿਚ ਸਬਤੋਂ ਜ਼ਿਆਦਾ 6 ਕੇਸ ਆਏ ਸਨ।

ਵਾਇਰਸ ਦੇ ਫ਼ੈਲਣ ਦਾ ਖ਼ਤਰਾ ਵਧਿਆ
ਬੀਤੇ ਐਤਵਾਰ ਬਾਪੂਧਾਮ ਦਾ ਨੌਜਵਾਨ ਨਰੇਂਦਰ ਜੋ ਸੈਕਟਰ - 32 ਹਸਪਤਾਲ ਵਿਚ ਓਟੀ ਅਟੈਂਡੰਟ ਹੈ, ਦੇ ਪਰਵਾਰ ਦੇ ਚਾਰ ਮੈਂਬਰ ਪਾਜੇਟਿਵ ਪਾਏ ਗਏ ਸਨ। ਇਸਦੇ ਇਲਾਵਾ ਇਕ ਪੀਜੀਆਈ ਦੀ ਸਟਾਫ ਨਰਸ ਵੀ ਪਾਜੇਟਿਵ ਪਾਈ ਗਈ ਸੀ। ਕੇਸਾਂ ਦੇ ਵਧਣ ਨਾਲ  ਹੁਣ ਡਾਕਟਰ ਵੀ ਮੰਨਣ ਲੱਗੇ ਹਨ ਕਿ ਚੰਡੀਗੜ ਵਿਚ ਕੰਮਿਉਨਿਟੀ ਕੰਮਿਉਨਿਕੇਸ਼ਨ ਦੀ ਹਾਲਤ ਪੈਦਾ ਹੋ ਗਈ ਹੈ ,ਕਿਉਂਕਿ ਬਿਨਾਂ ਕਿਸੇ ਵਿਦੇਸ਼ ਹਿਸਟਰੀ ਅਤੇ ਲੋਕਲ ਕਨੇਕਸ਼ਨ ਦੇ ਚਲਦੇ ਇਸ ਵਾਇਰਸ ਦੇ ਫੈਲਣ ਦੀ ਵਜ੍ਹਾ ਨਾਲ ਖ਼ਤਰਾ ਹੋਰ ਵੀ ਜ਼ਿਆਦਾ ਵੱਧ ਗਿਆ ਹੈ। ਬਾਪੂਧਾਮ ਦਾ ਜੋ ਨੌਜਵਾਨ ਸੋਮਵਾਰ ਕੋਰੋਨਾ ਪਾਜੇਟਿਵ ਆਇਆ ਹੈ, ਉਹ ਹਰਿਆਣਾ ਸਰਕਾਰ ਵਿਚ ਕਰਮਚਾਰੀ ਹੈ।