ਪੁਲਸ ਤੇ ਡਾਕਟਰਾਂ 'ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ : ਕੌਂਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮੈਂ ਵੀ ਹਾਂ ਹਰਜੀਤ ਸਿੰਘ' ਦੀ ਜ਼ਿਲਾ ਫਤਿਹਗੜ੍ਹ ਸਾਹਿਬ 'ਚ ਚਲਾਈ ਮੁਹਿੰਮ

ਐੱਸ.ਐੱਸ.ਪੀ. ਅਮਨੀਤ ਕੌਂਡਲ 'ਮੈਂ ਹਾਂ ਹਰਜੀਤ ਸਿੰਘ' ਮੁਹਿੰਮ ਤਹਿਤ ਹਰਜੀਤ ਸਿੰਘ ਦੇ ਨਾਮ ਦੀ ਨੇਮ ਪਲੇਟ ਲਗਾਏ ਹੋਏ ਅਤੇ ਜੀ.ਟੀ.ਰੋਡ ਸਰਹਿੰਦ ਵਿਖੇ ਛੋਟੇ-ਛੋਟੇ ਬੱਚੇ ਪੁਲਸ ਵਲੋਂ ਨਿਭਾਈ ਜਾ ਰਹੀ ਡਿਊਟੀ ਅਤੇ ਹਰਜੀਤ ਸਿੰਘ ਨੂੰ ਸਲਾਮ ਕਰਦੇ ਹੋਏ।

ਫਤਿਹਗੜ੍ਹ ਸਾਹਿਬ, 27 ਅਪ੍ਰੈਲ (ਇੰਦਰਪ੍ਰੀਤ ਬਖਸ਼ੀ): ਕਰਫਿਊ ਡਿਊਟੀ ਦੌਰਾਨ ਕਰੀਬ ਦੋ ਹਫਤੇ ਪਹਿਲਾਂ ਪਟਿਆਲਾ ਵਿਖੇ ਸਬ-ਇੰਸਪੈਕਟਰ ਹਰਜੀਤ ਸਿੰਘ ਦਾ ਕੁਝ ਵਿਅਕਤੀਆਂ ਵਲੋਂ ਹੱਥ ਕੱਟਣ ਦੇ ਬਾਵਜੂਦ ਵੀ ਹਰਜੀਤ ਸਿੰਘ ਵਲੋਂ ਦਿਖਾਈ ਬਹਾਦਰੀ ਨੂੰ ਦੇਖਦੇ ਹੋਏ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਵਲੋਂ ਇਕ ਦਿਨਾਂ 'ਮੈਂ ਵੀ ਹਾਂ ਹਰਜੀਤ ਸਿੰਘ' ਨਾਮ ਦੀ ਮੁਹਿੰਮ ਚਲਾਈ ਗਈ।


ਅੱਜ ਡੀ.ਜੀ.ਪੀ. ਵਲੋਂ ਖੁਦ ਹਰਜੀਤ ਸਿੰਘ ਦੇ ਨਾਮ ਦੀ ਨੇਮ ਪਲੇਟ ਲਗਾਈ ਗਈ ਜਿਸ ਤੋਂ ਬਾਅਦ ਪੂਰੇ ਪੰਜਾਬ ਵਿਚ ਪੁਲਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਵੀ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕਰਦੇ ਹੋਏ ਹਰਜੀਤ ਸਿੰਘ ਦੇ ਨਾਮ ਦੀ ਨੇਮ ਪਲੇਟ ਲਗਾਈ ਗਈ। ਇਸੇ ਤਰ੍ਹਾਂ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪੁਲਸ ਮੁੱਖੀ ਸ਼੍ਰੀਮਤੀ ਅਮਨੀਤ ਕੌਂਡਲ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਸਮੇਤ ਮੁਲਾਜ਼ਮਾਂ ਅਤੇ ਡਾਕਟਰਾਂ ਵਲੋਂ ਵੀ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ।

ਐੱਸ.ਐੱਸ.ਪੀ. ਸ਼੍ਰੀਮਤੀ ਅਮਨੀਤ ਕੌਂਡਲ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਜਿੱਥੇ ਆਪਣੀ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਦੀ ਹੌਂਸਲਾ ਅਫ਼ਜਾਈ ਕਰਨਾ ਹੈ, ਉੱਥੇ ਹੀ ਪੁਲਸ ਸਮੇਤ ਡਾਕਟਰਾਂ ਅਤੇ ਹੈੱਲਥ ਵਰਕਰਾਂ 'ਤੇ ਜੋ ਹਮਲੇ ਹੋ ਰਹੇ ਹਨ ਉਸ ਖਿਲਾਫ ਚੇਤਵਾਨੀ ਦੇਣਾ ਵੀ ਹੈ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਆਪਣੀ ਡਿਊਟੀ ਨਿਭਾ ਰਹੇ ਪੁਲਸ, ਡਾਕਟਰਾਂ ਅਤੇ ਹੈਲਥ ਵਰਕਰਾਂ 'ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਸੇ ਤਰ੍ਹਾਂ ਜੀ.ਟੀ.ਰੋਡ ਸਰਹਿੰਦ ਵਿਖੇ ਐੱਸ. ਐੱਚ.ਓ. ਰਜਨੀਸ਼ ਸੂਦ ਦੀ ਅਗਵਾਈ ਵਿਚ ਲੱਗੇ ਹੋਏ ਨਾਕੇ 'ਤੇ ਪਹੁੰਚਕੇ ਛੋਟੇ-ਛੋਟੇ ਬੱਚਿਆਂ ਨੇ ਵੀ ਪੁਲਸ ਵਲੋਂ ਨਿਭਾਈ ਜਾ ਰਹੀ ਡਿਊਟੀ ਅਤੇ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ।


ਇਸ ਮੌਕੇ ਐੱਸ.ਪੀ. (ਡੀ) ਹਰਪਾਲ ਸਿੰਘ, ਸਿਵਲ ਸਰਜਨ ਡਾ. ਐੱਨ.ਕੇ. ਅਗਰਵਾਲ, ਡੀ.ਐੱਸ.ਪੀ. ਜਸਵਿੰਦਰ ਸਿੰਘ ਟਿਵਾਣਾ, ਡੀ.ਐੱਸ.ਪੀ. ਰਮਿੰਦਰ ਸਿੰਘ ਕਾਹਲੋਂ, ਡੀ.ਐੱਸ.ਪੀ. ਹੰਸ ਰਾਜ, ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸ.ਐੱਚ.ਓ. ਜੀ.ਐੱਸ. ਸਿਕੰਦ, ਇੰਸਪੈਕਟਰ ਕੰਵਰਵਾਲ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਵੀ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਗਿਆ।