ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦਾ ਆਉਣਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਵਲੋਂ ਵਿੱਢੇ ਯਤਨਾਂ ਦੇ ਸਦਕਾ ਲਗਾਤਾਰ ਸ਼ਰਧਾਲੂ ਪੰਜਾਬ ਪਰਤ ਰਹੇ ਹਨ।

File Photo

ਬਠਿੰਡਾ, 27 ਅਪ੍ਰੈਲ (ਸੁਖਜਿੰਦਰ ਮਾਨ) : ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਵਲੋਂ ਵਿੱਢੇ ਯਤਨਾਂ ਦੇ ਸਦਕਾ ਲਗਾਤਾਰ ਸ਼ਰਧਾਲੂ ਪੰਜਾਬ ਪਰਤ ਰਹੇ ਹਨ। ਐਤਵਾਰ ਅਤੇ ਸੋਮਵਾਰ ਦੀ ਵਿਚਕਾਰਲੀ ਰਾਤ 17 ਵਾਹਨਾਂ ਰਾਹੀਂ 251 ਲੋਕ ਬਠਿੰਡਾ ਰਾਸਤਿਉਂ ਸੂਬੇ ਵਿਚ ਦਾਖ਼ਲ ਹੋਏ। ਇਨ੍ਹਾਂ ਵਿਚੋਂ ਜ਼ਿਆਦਾਤਰ ਸ੍ਰੀ ਅੰਮਿਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਤ ਸਨ। ਜਦਕਿ ਅੱਜ ਵੀ 50 ਸ਼ਰਧਾਲੂ ਵਾਪਸ ਆਏ ਹਨ।

ਸੰਗਤ ਦਾ ਪੰਜਾਬ ਦੇ ਹਰਿਆਣਾ ਨਾਲ ਲਗਦੇ ਡੂਮਵਾਲੀ ਬਾਰਡਰ 'ਤੇ ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਸਵਾਗਤ ਕੀਤਾ। ਇਨ੍ਹਾਂ ਦੇ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਇਨ੍ਹਾਂ ਨੂੰ ਇਨ੍ਹਾਂ ਦੇ ਪਿਤਰੀ ਜ਼ਿਲ੍ਹਿਆਂ ਲਈ ਰਵਾਨਾ ਕੀਤਾ ਗਿਆ। ਇਸ ਤੋਂ ਬਿਨਾਂ ਸੋਮਵਾਰ ਦੇਰ ਰਾਤ ਤਕ 13 ਵਾਹਨਾਂ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਹੋਰ 467 ਵਿਅਕਤੀ ਵੀ ਪੰਜਾਬ ਪਰਤ ਰਹੇ ਹਨ। ਇਸ ਮੌਕੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਖੂ ਦੇ ਯਾਤਰੀ ਜਸਵੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਨ੍ਹਾਂ ਲਈ ਪਾਸ ਮੁਹਈਆ ਕਰਵਾਏ ਗਏ ਜਿਸ ਨਾਲ ਉਨ੍ਹਾਂ ਦੀ ਵਾਪਸੀ ਸੰਭਵ ਹੋਈ। ਉਸ ਨੇ ਦਸਿਆ ਕਿ ਉਹ 21 ਮਾਰਚ ਨੂੰ ਨਾਂਦੇੜ ਸਾਹਿਬ ਵਿਖੇ ਗਏ ਸਨ ਪਰ ਕਰਫ਼ਿਊ ਕਾਰਨ ਉਥੇ ਹੀ ਫਸ ਗਏ ਸਨ।

ਉਧਰ ਪੰਜਾਬ ਸਰਕਾਰ ਦੇ ਯਤਨਾਂ ਨਾਲ 152 ਵਿਦਿਆਰਥੀ ਪੀਆਰਟੀਸੀ ਦੀਆਂ ਬਸਾਂ ਰਾਹੀਂ ਕੋਟਾ ਤੋਂ ਵਾਪਿਸ ਪਰਤ ਆਏ ਹਨ। ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਨਾਲ ਲਗਦੇ ਡੂਮਵਾਲੀ ਬਾਰਡਰ 'ਤੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਇਨ੍ਹਾਂ ਦੇ ਪਿੱਤਰੀ ਜ਼ਿਲ੍ਹਿਆਂ ਲਈ ਰਵਾਨਾ ਕੀਤਾ। ਬਠਿੰਡਾ ਰਾਸਤੇ ਪੰਜਾਬ ਪਰਤੇ ਇਨ੍ਹਾਂ ਵਿਦਿਆਰਥੀਆਂ ਵਿਚ ਬਠਿੰਡੇ ਦੇ 24 ਵਿਦਿਆਰਥੀਆਂ ਤੋਂ ਇਲਾਵਾ ਬਰਨਾਲੇ ਦਾ ਇਕ, ਲੁਧਿਆਣਾ ਦੇ 25, ਹੁਸ਼ਿਆਰਪੁਰ ਦੇ 2, ਤਰਨਤਾਰਨ ਦਾ ਇਕ, ਸ੍ਰੀ ਅੰਮ੍ਰਿਤਸਰ ਸਾਹਿਬ ਦੇ 9,

ਗੁਰਦਾਸਪੁਰ ਦੇ 13, ਪਠਾਨਕੋਟ ਦੇ 16, ਫਰੀਦਕੋਟ ਦੇ 2, ਫ਼ਿਰੋਜ਼ਪੁਰ ਦੇ 6, ਸ੍ਰੀ ਮੁਕਤਸਰ ਸਾਹਿਬ ਦੇ 2, ਫ਼ਾਜ਼ਿਲਕਾ ਦੇ 14, ਮੋਗਾ ਦਾ 1, ਜਲੰਧਰ ਦੇ 10, ਕਪੂਰਥਲਾ ਦੇ 4, ਮਾਨਸਾ ਦੇ 5, ਸੰਗਰੂਰ ਦੇ 2, ਪਟਿਆਲਾ ਦੇ 4, ਫਤਿਹਗੜ੍ਹ ਸਾਹਿਬ ਦੇ 3, ਰੁਪਨਗਰ ਦੇ 2, ਮੋਹਾਲੀ ਦੇ 2 ਅਤੇ ਚੰਡੀਗੜ੍ਹ ਦੇ 4 ਵਿਦਿਆਰਥੀ ਸ਼ਾਮਲ ਹਨ।

ਇਸ ਮੌਕੇ ਤਲਵੰਡੀ ਸਾਬੋ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ, ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਰਾਸਤੇ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿਤੀ ਗਈ।