ਨਾ ਬੈਂਡ, ਨਾ ਵਾਜਾ, ਲਾੜੇ ਸਮੇਤ ਸਿਰਫ਼ ਪੰਜ ਬਰਾਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਕੋਰੋਨਾ ਵਾਇਰਸ' ਮਹਾਂਮਾਰੀ ਕਾਰਨ ਮਜਬੂਰੀ ਹੀ ਸਹੀ ਪਰ ਅੱਜ ਕਲ ਸਾਦੇ ਵਿਆਹਾਂ ਦੇ ਰੁਝਾਨ ਨੇ ਜ਼ੋਰ ਫੜ ਲਿਆ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਅਪਰਾ ਦੇ ਭੁਪਿੰਦਰਜੀਤ

File Photo

ਫ਼ਿਲੌਰ, 27 ਅਪ੍ਰੈਲ (ਪਪ): 'ਕੋਰੋਨਾ ਵਾਇਰਸ' ਮਹਾਂਮਾਰੀ ਕਾਰਨ ਮਜਬੂਰੀ ਹੀ ਸਹੀ ਪਰ ਅੱਜ ਕਲ ਸਾਦੇ ਵਿਆਹਾਂ ਦੇ ਰੁਝਾਨ ਨੇ ਜ਼ੋਰ ਫੜ ਲਿਆ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਅਪਰਾ ਦੇ ਭੁਪਿੰਦਰਜੀਤ ਸਿੰਘ ਨੇ ਵੀ ਅਪਣਾ ਵਿਆਹ ਸਾਦੇ ਢੰਗ ਨਾਲ ਕਰਵਾ ਕੇ ਮਿਸਾਲ ਪੇਸ਼ ਕੀਤੀ ਹੈ। ਉਸ ਦੇ ਵਿਆਹ ਦੌਰਾਨ ਨਾ ਭਰੀ-ਪੂਰੀ ਬਾਰਾਤ ਗਈ, ਨਾ ਵਾਜਾ ਵੱਜਿਆ ਤੇ ਨਾ ਹੀ ਕੋਈ ਸ਼ੋਰ-ਸ਼ਰਾਬਾ। ਲਾੜੇ ਸਣੇ ਪੰਜ ਬਰਾਤੀ ਲਾੜੀ ਨੂੰ ਵਿਆਹੁਣ ਲਈ ਗਏ।

ਭੁਪਿੰਦਰਜੀਤ ਦੇ ਪਿਤਾ ਗਿਆਨ ਸਿੰਘ ਪਿੰਡ ਅਪਰਾ ਦੇ ਸਰਪੰਚ ਹਨ ਜਿਨ੍ਹਾਂ ਪ੍ਰਸ਼ਾਸਨ ਕੋਲੋਂ ਪੰਜ ਬਾਰਾਤੀਆਂ ਦੀ ਰਾਹਦਾਰੀ ਦੀ ਮਨਜ਼ੂਰੀ ਲਈ ਸੀ। ਲਾੜੇ ਸਮੇਤ ਪੰਜ ਜਣਿਆਂ ਦੀ ਬਰਾਤ ਜ਼ਿਲ੍ਹੇ ਦੇ ਪਿੰਡ ਅਵਾਨ ਖ਼ਾਲਸਾ ਵਿਖੇ ਰਾਮਪ੍ਰਕਾਸ਼ ਸਿੱਧੂ ਦੀ ਧੀ ਮਮਤਾ ਸਿੱਧੂ ਨੂੰ ਵਿਆਹੁਣ ਗਈ। ਪਿੰਡ ਦੇ ਗੁਰਦਵਾਰੇ ਵਿਚ ਬਹੁਤ ਸਾਦੇ ਢੰਗ ਨਾਲ ਵਿਆਹ ਹੋਇਆ ਜਿਸ ਤੋਂ ਬਾਅਦ ਦੋ ਗੱਡੀਆਂ ਵਿਚ ਗਏ ਬਰਾਤੀ ਬਿਨਾਂ ਕਿਸੇ ਫ਼ਜ਼ੂਲ ਰਸਮੋ-ਰਿਵਾਜ ਤੋਂ ਲਾੜੀ ਨੂੰ ਘਰ ਲੈ ਕੇ ਆ ਗਏ। ਕਰਫ਼ਿਊ ਲੱਗਾ ਹੋਣ ਕਾਰਨ ਪਿੰਡ ਵਿਚ ਕਿਸੇ ਨੂੰ ਪਤਾ ਵੀ ਨਾ ਲੱਗਾ ਕਿ ਫਲਾਣੇ ਦੀ ਧੀ ਦਾ ਵਿਆਹ ਹੋ ਰਿਹਾ ਹੈ।

ਲਾੜੇ ਭੁਪਿੰਦਰਜੀਤ ਸਿੰਘ ਨੇ ਕਿਹਾ ਕਿ ਉਹ ਫਾਲਤੂ ਦੇ ਰਸਮਾਂ-ਰਿਵਾਜਾਂ ਨੂੰ ਪਸੰਦ ਨਹੀਂ ਕਰਦਾ। ਉਸ ਨੇ ਕਿਹਾ, 'ਮੇਰੀ ਪਹਿਲਾਂ ਤੋਂ ਹੀ ਖ਼ਾਹਸ਼ ਸੀ ਕਿ ਅਪਣਾ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕਰਵਾਵਾਂਗੇ। ਭਾਵੇਂ ਅਜ ਕਲ ਬੀਮਾਰੀ ਦਾ ਭਿਆਨਕ ਦੌਰ ਚੱਲਣ ਕਾਰਨ ਮਜਬੂਰੀ ਵਿਚ ਅਜਿਹਾ ਸੱਭ ਕੁੱਝ ਕਰਨਾ ਪੈ ਰਿਹਾ ਹੈ ਪਰ ਕਿਵੇਂ ਨਾ ਕਿਵੇਂ ਮੇਰੀ ਦਿਲੀ ਖ਼ਾਹਸ਼ ਪੂਰੀ ਹੋ ਗਈ ਹੈ।'' ਉਸ ਨੇ ਕਿਹਾ ਕਿ ਉਸ ਦਾ ਵਿਆਹ ਇਕ ਤਰ੍ਹਾਂ ਲੋਕਾਂ ਵਾਸਤੇ ਪ੍ਰੇਰਨਾ ਸ੍ਰੋਤ ਹੈ। ਹਰ ਕਿਸੇ ਨੂੰ ਸਾਦੇ ਢੰਗ ਨਾਲ ਵਿਆਹ ਕਰਵਾ ਕੇ ਮਹਿੰਗਾਈ ਦੇ ਇਸ ਯੁੱਗ ਵਿਚ ਬੱਚਤ ਕਰਨੀ ਚਾਹੀਦੀ ਹੈ।