ਗੁਰਦੀਪ ਸਿਧਾਣਾ ਨੂੰ ਦਿੱਲੀ ਪੁਲਿਸ ਵਲੋਂ ਤਸੀਹੇ ਦੇਣ ਦੇ ਦੋਸ਼ ’ਤੇ ਡੀਸੀਪੀ ਸਪੈਸ਼ਲ ਸੈੱਲ ਨੂੰ ਨੋਟਿਸ
ਗੁਰਦੀਪ ਸਿਧਾਣਾ ਨੂੰ ਦਿੱਲੀ ਪੁਲਿਸ ਵਲੋਂ ਤਸੀਹੇ ਦੇਣ ਦੇ ਦੋਸ਼ ’ਤੇ ਡੀਸੀਪੀ ਸਪੈਸ਼ਲ ਸੈੱਲ ਨੂੰ ਨੋਟਿਸ ਜਾਰੀ
ਚੰਡੀਗੜ੍ਹ, 27 ਅਪ੍ਰੈਲ (ਸੁਰਜੀਤ ਸਿੰਘ ਸੱਤੀ): ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿਧਾਣਾ ਵਲੋਂ ਐਡਵੋਕੇਟ ਅਰਸ਼ਦੀਪ ਸਿੰਘ ਚੀਮਾ ਰਾਹੀਂ ਦਾਖ਼ਲ ਪਟੀਸ਼ਨ ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਗੁਰਦੀਪ ਨੇ ਕਿਹਾ ਹੈ ਕਿ ਉਸ ਨੇ ਅਰਬਨ ਅਸਟੇਟ ਥਾਣਾ ਪਟਿਆਲਾ ਦੇ ਐਸਐਚਓ ਨੂੰ ਬਿਆਨ ਦਿਤਾ ਸੀ ਜਿਸ ’ਤੇ ਜਾਂਚ ਕਰ ਕੇ ਦਿੱਲੀ ਸਪੈਸ਼ਲ ਸੈੱਲ ਦੀ ਪੁਲਿਸ ਵਿਰੁਧ ਗ਼ੈਰ ਕਾਨੂੰਨੀ ਤੌਰ ’ਤੇ ਅਗ਼ਵਾ ਕਰਨ, ਹਿਰਾਸਤ ’ਚ ਰੱਖਣ ਅਤੇ ਤਸੀਹੇ ਦੇਣ ਦਾ ਮਾਮਲਾ ਦਰਜ ਕੀਤਾ ਜਾਵੇ।
ਇਹ ਵੀ ਹਾਈ ਕੋਰਟ ਦੇ ਧਿਆਨ ਵਿਚ ਲਿਆਂਦਾ ਕਿ ਜਿਨ੍ਹਾਂ ਚਾਰ ਮੁਲਾਜ਼ਮਾਂ ਨੇ ਪਟੀਸ਼ਨਰਾਂ ਨੂੰ ਅਗ਼ਵਾ ਕੀਤਾ, ਉਨ੍ਹਾਂ ਵਿਚੋਂ ਤਿੰਨ ਪੁਲਿਸ ਮੁਲਾਜ਼ਮ ਸਪੈਸ਼ਲ ਸੈੱਲ ਦੇ ਉਹ ਮੁਲਾਜ਼ਮ ਹਨ, ਜਿਨ੍ਹਾਂ ਨੇ ਦੀਪ ਸਿੱਧੂ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਅਗ਼ਵਾ ਕਰਨ ਵਾਲਿਆਂ ਵਿਚੋਂ ਦੋ ਆਪਸ ਵਿਚ ਇਕ ਦੂਜੇ ਨੂੰ ਸੰਦੀਪ ਅਤੇ ਚੇਤਨ ਕਹਿ ਕੇ ਬੁਲਾ ਰਹੇ ਸਨ। ਗੁਰਦੀਪ ਨੇ ਮੰਗ ਕੀਤੀ ਹੈ ਕਿ ਪਟਿਆਲਾ ਦੇ ਐਸਐਸਪੀ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਅਰਬਨ ਅਸਟੇਟ ਥਾਣੇ ਵਿਚ ਦਿਤੇ ਬਿਆਨ ’ਤੇ ਮਾਮਲਾ ਦਰਜ ਕਰ ਕੇ ਜਾਂਚ ਕਰਨ। ਹਾਈ ਕੋਰਟ ਨੇ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।