ਨਵਜੋਤ ਸਿੰਘ ਸਿੱਧੂ ਨੇ ਜਿਥੇ ਜਾਣਾ ਹੈ ਛੇਤੀ ਜਾਣ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਤੋਂ ਮੁਕਾਬਲੇ ’ਚ ਚੋਣ ਲੜਨ ਦੀ ਵੀ ਦਿਤੀ ਚੁਨੌਤੀ

CM Punjab and Navjot singh sidhu

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖ਼ਰ ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ ਟਵੀਟ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਅਪਣੀ ਚੁੱਪ ਤੋੜਦਿਆਂ ਤਿੱਖੇ ਸ਼ਬਦਾਂ ਵਿਚ ਪਲਟਵਾਰ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਇਥੋਂ ਤਕ ਕਹਿ ਦਿਤਾ ਕਿ ਜਿਥੇ ਜਾਣਾ ਹੈ, ਛੇਤੀ ਜਾਉ।

ਸਿੱਧੂ ਵਲੋਂ ਬੇਅਦਬੀ, ਗੋਲੀ ਕਾਂਡ ਤੇ ਨਸ਼ੇ ਆਦਿ ਦੇ ਮੁੱਦਿਆਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਣ ਦਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਕਰ ਰਹੇ ਹਨ। 

ਕੈਪਟਨ ਨੇ ਕਿਹਾ ਕਿ ਜੇ ਸਿੱਧੂ ਨੂੰ ਮੇਰੇ ਨਾਲ ਲੜਨ ਦਾ ਹੀ ਸ਼ੌਂਕ ਹੈ ਤਾਂ ਪਟਿਆਲਾ ਤੋਂ ਮੇਰੇ ਵਿਰੁਧ ਚੋਣ ਲੜ ਕੇ ਦੇਖਣ। ਉਨ੍ਹਾਂ ਕਿਹਾ ਕਿ ਜੇ.ਜੇ.ਸਿੰਘ ਵਾਂਗ ਜ਼ਮਾਨਤ ਜ਼ਬਤ ਹੋ ਜਾਵੇਗੀ। ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਇਸ ਵੇਲੇ ਕੋਈ ਵੀ ਪਾਰਟੀ ਲੈਣ ਨੂੰ ਤਿਆਰ ਨਹੀਂ ਕਿਉਂਕਿ ਭਾਜਪਾ ਨੂੰ ਉਹ ਬਹੁਤ ਗਾਲਾਂ ਦੇ ਕੇ ਨਿਕਲਿਆ ਸੀ ਅਤੇ ਅਕਾਲੀ ਦਲ ਵੀ ਸਿੱਧੂ ਨੂੰ ਲੈਣ ਲਈ ਤਿਆਰ ਨਹੀਂ।

ਉਨ੍ਹਾਂ ਕਿਹਾ ਕਿ ਪਹਿਲਾਂ ਸਿੱਧੂ ਇਹ ਹੀ ਸਪੱਸ਼ਟ ਕਰੇ ਕਿ ਉਹ ਕਿਸ ਪਾਰਟੀ ਵਿਚ ਹੈ। ਜੇ ਕਾਂਗਰਸ ਵਿਚ ਹੈ ਤਾਂ ਬਹੁਤ ਅਨੁਸ਼ਾਸਨਹੀਣਤਾ ਹੈ। ਕੈਪਟਨ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਿੱਧੂ ਨੂੰ ਪਾਰਟੀ ਪ੍ਰਧਾਨ ਜਾਂ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਨਹੀਂ ਦਿਤਾ ਜਾ ਸਕਦਾ। ਜਾਖੜ ਵਿਚ ਕੀ ਕਮੀ ਹੈ? ਸਿੱਧੂ ਨਾਲੋਂ ਕਈ ਮੰਤਰੀ ਕੈਬਨਿਟ ਵਿਚ ਸੀਨੀਅਰ ਹਨ। ਉਨ੍ਹਾਂ ਕਿਹਾ ਕਿ ਹਾਈਕਮਾਨ ਕੋਲ ਵੀ ਮੈਂ ਇਹੀ ਸਵਾਲ ਦੇਵਾਂਗਾ। 

ਨਵਜੋਤ ਸਿੰਘ ਸਿੱਧੂ ਨੇ ਵੀ ਦਿਤਾ ਮੋੜਵਾਂ ਜਵਾਬ
ਕਿਹਾ, ਇਧਰ ਉਧਰ ਦੀ ਗੱਲ ਨਾ ਕਰੋ, ਦੱਸੋ ਗੁਰੂ ਸਾਹਿਬ ਦੀ ਬੇਅਦਬੀ ਦਾ ਕਿਉਂ ਨਹੀਂ ਮਿਲਿਆ ਇਨਸਾਫ਼?

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀਆਂ ਟਿਪਣੀਆਂ ਦਾ ਟਵੀਟ ਕਰ ਕੇ ਨਵਜੋਤ ਸਿੰਘ ਸਿੱਧੂ ਨੇ ਵੀ ਮੋੜਵਾਂ ਤਿੱਖਾ ਜਵਾਬ ਦਿਤਾ ਹੈ। ਉਨ੍ਹਾਂ ਕਿਹਾ ਕਿ ਇਧਰ ਉਧਰ ਦੀਆਂ ਗੱਲਾਂ ਨਾ ਕਰੋ ਅਤੇ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਕਿਉਂ ਨਹੀਂ ਮਿਲਿਆ? ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਮੇਰੀ ਰੂਹ ਪੰਜਾਬ ਵਿਚ ਹੈ। ਸਾਡੀ ਲੜਾਈ ਬੇਅਦਬੀਆਂ ਦੇ ਇਨਸਾਫ਼ ਲਈ ਹੈ। ਚੋਣ ਲੜਨ ਦੀ ਤਾਂ ਗੱਲ ਹੀ ਨਹੀਂ ਬਲਕਿ ਮੈਂ ਤਾਂ ਅਪਣੀ ਇਕੋ ਇਕ ਵਿਧਾਨ ਸਭਾ ਸੀਟ ਦੀ ਕੁਰਬਾਨੀ ਵੀ ਕਰ ਦਿਆਂਗਾ। ਉਨ੍ਹਾਂ ਕੈਪਟਨ ਨੂੰ ਕਿਹਾ ਕਿ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਇਧਰ ਉਧਰ ਨਾ ਲੈ ਜਾਉ।