ਮਹਿਲਾ ਕਾਂਸਟੇਬਲ ਦੇ ਜਜ਼ਬੇ ਨੂੰ ਸਲਾਮ, ਤਪਦੀ ਗਰਮੀ 'ਚ ਬਜ਼ੁਰਗ ਔਰਤ ਨੂੰ ਮੋਢਿਆਂ 'ਤੇ ਚੁੱਕ ਕੇ ਪਹੁੰਚਾਇਆ ਘਰ
ਮਹਿਲਾ ਕਾਂਸਟੇਬਲ ਦੇ ਜਜ਼ਬੇ ਦੇ ਚਾਰੇ ਪਾਸੇ ਹੋ ਰਹੇ ਹਨ ਚਰਚੇ
ਅਹਿਮਦਾਬਾਦ : ਖਾਕੀ ਵਰਦੀ ਵਾਲੀ ਪੁਲਿਸ ਦਾ ਕੰਮ ਜਨਤਾ ਦੀ ਸੁਰੱਖਿਆ ਅਤੇ ਸੇਵਾ ਕਰਨਾ ਹੈ। ਕਈ ਵਾਰ ਪੁਲਿਸ ਮੁਲਾਜ਼ਮ ਅਜਿਹੇ ਕੰਮ ਕਰ ਜਾਂਦੇ ਹਨ, ਜਿਸ ਦੀ ਦੂਰ-ਦੂਰ ਤੱਕ ਚਰਚਾ ਹੁੰਦੀ ਹੈ ਅਤੇ ਕਈ ਵਾਰ ਉਹ ਇਨਸਾਨੀਅਤ ਦੀ ਮਿਸਾਲ ਕਾਇਮ ਕਰਕੇ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਤੁਸੀਂ ਪਹਿਲਾਂ ਵੀ ਚੰਗੇ ਸੁਭਾਅ ਵਾਲੇ ਪੁਲਿਸ ਵਾਲਿਆਂ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਦੇਖੀਆਂ ਹੋਣਗੀਆਂ।
ਇਸ ਕੜੀ 'ਚ ਇਕ ਮਹਿਲਾ ਪੁਲਿਸ ਕਰਮਚਾਰੀ ਦੀ ਇਕ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਬਜ਼ੁਰਗ ਔਰਤ ਭਿਆਨਕ ਗਰਮੀ ਦੀ ਲਪੇਟ 'ਚ ਆ ਕੇ ਬੇਹੋਸ਼ ਹੋ ਗਈ ਹੈ ਤੇ ਮਹਿਲਾ ਪੁਲਿਸ ਕਰਮਚਾਰੀ ਨੇ ਉਸਨੂੰ ਆਪਣੇ ਮੋਢਿਆਂ 'ਤੇ ਚੁੱਕ ਕੇ ਘਰ ਪਹੁੰਚਾਇਆ।
ਮਨੁੱਖਤਾ ਦੀ ਮਿਸਾਲ ਪੇਸ਼ ਕਰਨ ਵਾਲੀ ਇਸ ਤਸਵੀਰ ਨੂੰ ਆਈਏਐਸ ਅਧਿਕਾਰੀ ਅਵਨੀਸ਼ ਸ਼ਰਨ ਨੇ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ, ਉਸਨੇ ਕੈਪਸ਼ਨ ਵਿੱਚ ਲਿਖਿਆ ਹੈ - ਗੁਜਰਾਤ ਦੀ ਇੱਕ ਮਹਿਲਾ ਕਾਂਸਟੇਬਲ ਵਰਸ਼ਾ ਪਰਮਾਰ ਨੇ ਬਜ਼ੁਰਗ ਔਰਤ ਦੀ ਸਿਹਤ ਖਰਾਬ ਹੋਣ ਕਾਰਨ ਉਸਨੂੰ ਆਪਣੀ ਪਿੱਠ 'ਤੇ ਚੁੱਕ ਲਿਆ ਹੈ। ਤਪਦੀ ਗਰਮੀ ਵਿਚ 5 ਕਿਲੋਮੀਟਰ ਤੱਕ ਪੈਦਲ ਚੱਲਣ ਤੋਂ ਬਾਅਦ ਉਸ ਨੂੰ ਸੁਰੱਖਿਅਤ ਘਰ ਪਹੁੰਚਾਇਆ।
ਇਸ ਤਸਵੀਰ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਸੱਚਮੁੱਚ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ, ਜਦੋਂ ਕਿ ਦੂਜੇ ਯੂਜ਼ਰ ਨੇ ਲਿਖਿਆ- ਦਿਲ ਨੂੰ ਛੂਹਣ ਵਾਲੀ ਤਸਵੀਰ... ਮੋਢਿਆਂ 'ਤੇ ਚੁੱਕ ਕੇ। ਦੱਸਿਆ ਜਾ ਰਿਹਾ ਹੈ ਕਿ ਕਰੀਬ 5 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਇਹ ਮਹਿਲਾ ਪੁਲਸ ਕਰਮਚਾਰੀ ਬਜ਼ੁਰਗ ਔਰਤ ਨੂੰ ਉਸ ਦੇ ਘਰ ਲੈ ਗਈ।