ਭਾਜਪਾ ਦਾ ਕੈਪਟਨ ਤੇ ਢੀਂਡਸਾ ਦੀ ਪਾਰਟੀ ਤੋਂ ਮੋਹ ਭੰਗ ਹੋਇਆ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਦਾ ਕੈਪਟਨ ਤੇ ਢੀਂਡਸਾ ਦੀ ਪਾਰਟੀ ਤੋਂ ਮੋਹ ਭੰਗ ਹੋਇਆ

image


ਭਵਿੱਖ 'ਚ ਗਠਜੋੜ ਖ਼ਤਮ ਕਰਨ ਦੇ ਸੰਕੇਤ, 4 ਨਗਰ ਨਿਗਮ ਤੇ ਸੰਗਰੂਰ ਲੋਕ ਸਭਾ ਉਪ ਚੋਣ ਇਕੱਲਿਆਂ ਲੜੇਗੀ ਭਾਜਪਾ

ਚੰਡੀਗੜ੍ਹ, 27 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਹੋਏ ਮਾੜੇ ਹਸ਼ਰ ਬਾਅਦ ਹੁਣ ਭਾਜਪਾ ਦਾ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲੀ ਦਲ ਸੰਯੁਕਤ ਤੋਂ ਮੋਹ ਭੰਗ ਹੋ ਗਿਆ ਹੈ | ਭਵਿੱਖ ਵਿਚ ਭਾਜਪਾ ਵਲੋਂ ਕੈਪਟਨ ਤੇ ਢੀਂਡਸਾ ਨਾਲ ਗਠਜੋੜ ਖ਼ਤਮ ਕਰਨ ਦੇ ਸੰਕੇਤ ਦਿਤੇ ਗਏ ਹਨ |
ਅੱਜ ਇਥੇ ਪੰਜਾਬ ਵਿਚ ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਨਗਰ ਨਿਗਮ ਅਤੇ ਸੰਗਰੂਰ ਲੋਕ ਸਭਾ ਹਲਕੇ ਦੀ ਹੋਣ ਵਾਲੀ ਉਪ ਚੋਣ ਨੂੰ  ਲੈ ਕੇ ਰਣਨੀਤੀ 'ਤੇ ਵਿਚਾਰ ਕਰਨ ਲਈ ਪੰਜਾਬ ਭਾਜਪਾ ਦੀ ਮੀਟਿੰਗ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਕੇਂਦਰੀ ਆਗੂ ਅਤੇ ਪੰਜਾਬ ਦੇ ਇੰਚਾਰਜ ਦੁਸ਼ਯੰਤ ਗੌਤਮ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਮੀਟਿੰਗ ਵਿਚ ਸ਼ਾਮਲ ਪਾਰਟੀ ਦੇ ਪ੍ਰਮੁੱਖ ਸੂਬਾਈ ਆਗੂਆਂ ਨੇ ਭਵਿੱਖ ਦੀ ਰਣਨੀਤੀ ਉਪਰ ਗੰਭੀਰਤਾ ਨਾਲ ਵਿਚਾਰ ਕਰਦਿਆਂ ਆਉਣ ਵਾਲੀਆਂ 4 ਨਗਰ ਨਿਗਮਾਂ ਅਤੇ ਲੋਕ ਸਭਾ
ਸੰਗਰੂਰ ਦੀ ਚੋਣ ਅਪਣੇ ਬਲਬੂਤੇ ਉਪਰ ਹੀ ਇਕੱਲੇ ਲੜਨ ਦੀ ਰਾਏ ਦਿਤੀ ਹੈ | ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਮੰਥਨ ਤੋਂ ਬਾਅਦ ਭਾਜਪਾ ਲੀਡਰਸ਼ਿਪ ਵਿਚ ਇਸ ਗੱਲ ਦੀ ਸਹਿਮਤੀ ਹੈ ਕਿ ਭਵਿੱਖ ਵਿਚ ਭਾਜਪਾ ਨੂੰ  ਅਪਣੇ ਦਮ ਉਪਰ ਹੀ ਕੰਮ ਕਰਨਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਸਥਾਨਕ ਅਤੇ ਲੋਕ ਸਭਾ ਉਪ ਚੋਣ ਦੀ ਤਿਆਰੀ ਹੁਣੇ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ |
ਆਗੂਆਂ ਦਾ ਵਿਚਾਰ ਸੀ ਕਿ ਗਠਜੋੜ ਦਾ ਕੋਈ ਫ਼ਾਇਦਾ ਨਹੀਂ ਹੋਇਆ ਉਲਟਾ ਸ਼ਹਿਰਾਂ ਵਿਚ ਕਈ ਥਾਈਾ ਕੈਪਟਨ ਵਿਰੋਧੀ ਲਹਿਰ ਕਾਰਨ ਨੁਕਸਾਨ ਹੀ ਹੋਇਆ ਹੈ | ਕੈਪਟਨ ਦੇ ਖ਼ੁਦ ਦੇ ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤ ਜ਼ਬਤ ਹੋਈਆਂ ਹਨ | ਇਸੇ ਤਰ੍ਹਾਂ ਢੀਂਡਸਾ ਦੇ ਦਲ ਨੂੰ  ਵੀ ਲੋਕਾਂ ਨੇ ਸਮਰਥਨ ਨਹੀਂ ਦਿਤਾ | ਮੀਟਿੰਗ ਵਿਚ ਭਗਵੰਤ ਮਾਨ ਸਰਕਾਰ ਦੀ ਹੁਣ ਤਕ ਦੀ ਕਾਰਗੁਜ਼ਾਰੀ ਬਾਰੇ ਵੀ ਚਰਚਾ ਕੀਤੀ ਗਈ ਅਤੇ ਆਗੂਆਂ ਦਾ ਵਿਚਾਰ ਸੀ ਕਿ ਵੱਡਾ ਫ਼ਤਵਾ ਦੇਣ ਵਾਲੇ ਲੋਕ ਥੋੜ੍ਹੇ ਹੀ ਦਿਨਾਂ ਵਿਚ ਨਿਰਾਸ਼ ਹੋਣ ਲੱਗੇ ਹਨ | ਇਸ ਦਾ ਭਾਜਪਾ ਨੂੰ  ਲਾਭ ਉਠਾਉਣਾ ਚਾਹੀਦਾ ਹੈ ਅਤੇ ਪਾਰਟੀ ਇਕੱਲੇ ਹੀ ਅਪਣਾ ਸੰਗਠਨ ਮਜ਼ਬੂਤ ਕਰ ਕੇ ਅੱਗੇ ਵਧੇ | ਮੀਟਿੰਗ ਤੋਂ ਬਾਅਦ ਭਾਜਪਾ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਭਾਜਪਾ ਨੇ ਭਵਿੱਖ ਵਿਚ ਇਕੱਲੇ ਹੀ ਚੋਣਾਂ ਲੜਨ ਦੀ ਰਣਨੀਤੀ ਬਣਾਈ ਹੈ ਤਾਂ ਜੋ ਲੋਕ ਸਭਾ 2024 ਵਿਚ ਚੰਗੇ ਨਤੀਜੇ ਪਾਰਟੀ ਲੈ ਸਕੇ | ਸ਼ੋ੍ਰਮਣੀ ਅਕਾਲੀ ਦਲ ਦਾ ਗਰਾਫ਼ ਹੋਰ ਡਿੱਗਣ ਅਤੇ ਕਾਂਗਰਸ ਦੀ ਧੜੇਬੰਦੀ ਬਰਕਰਾਰ ਰਹਿਣ ਕਾਰਨ ਵੀ ਭਾਜਪਾ ਨੇ ਅਪਣੇ ਦਮ 'ਤੇ ਪਾਰਟੀ ਨੂੰ  ਮਜ਼ਬੂਤ ਕਰ ਕੇ ਅੱਗੇ ਵਧਣ ਦੀ ਰਣਨੀਤੀ ਬਣਾਈ ਹੈ |