ਜ਼ਿਲ੍ਹਾ ਪਠਾਨਕੋਟ ਦਾ ਨੌਜਵਾਨ ਕਰਨ ਠਾਕੁਰ ਬੇਲਾਰੂਸ ਦੇ ਜੰਗਲਾਂ ਵਿਚ ਲਾਪਤਾ
ਮਾਪਿਆਂ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਪਠਾਨਕੋਟ - ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਪਠਾਨਕੋਟ ਦੇ ਪਿੰਡ ਸਿਊਂਟੀ ਦਾ ਨੌਜਵਾਨ ਕਰਨ ਠਾਕੁਰ ਬੇਲਾਰੂਸ ਦੇ ਜੰਗਲਾਂ ਵਿਚ ਲਾਪਤਾ ਹੋ ਗਿਆ ਹੈ। ਜਿਸ ਕਰ ਕੇ ਮਾਪੇ ਬਹੁਤ ਪਰੇਸ਼ਾਨ ਹਨ। ਨੌਜਵਾਨ ਨੇ ਆਖ਼ਰੀ ਵਾਰ 15 ਮਾਰਚ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਦੁਖੀ ਮਾਪਿਆਂ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਨੌਜਵਾਨ ਦੇ ਪਿਤਾ ਰਘੂਨਾਥ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤ ਕਰਨ ਸਿੰਘ ਕੰਮ ਦੀ ਭਾਲ ਵਿਚ ਇਸ ਸਾਲ ਜਨਵਰੀ ਮਹੀਨੇ ਕਿਸੇ ਪ੍ਰਾਈਵੇਟ ਏਜੰਟ ਰਾਹੀਂ ਸਪੇਨ ਗਿਆ ਸੀ।
ਏਜੰਟ ਨੇ 14 ਲੱਖ ਰੁਪਏ ਲਏ ਸਨ ਤੇ ਵਾਅਦਾ ਕੀਤਾ ਸੀ ਕਿ ਕਰਨ ਨੂੰ ਸਿੱਧੇ ਰਸਤੇ ਸਪੇਨ ਭੇਜਿਆ ਜਾਵੇਗਾ। ਕਰਨ 10 ਜਨਵਰੀ ਨੂੰ ਸਪੇਨ ਦੀ ਫਲਾਈਟ ਲੈਣ ਲਈ ਦਿੱਲੀ ਹਵਾਈ ਅੱਡੇ ਗਿਆ, ਪਰ ਏਜੰਟ ਨੇ ਧੋਖੇ ਨਾਲ ਉਸ ਨੂੰ ਤੇ ਹੋਰ ਕਈ ਨੌਜਵਾਨਾਂ ਨੂੰ ਦੁਬਈ ਉਤਾਰ ਦਿੱਤਾ। ਕੁਝ ਦਿਨ ਦੁਬਈ ਰਹਿਣ ਮਗਰੋਂ ਉਸ ਨੂੰ ਦਿੱਲੀ ਵਾਪਸ ਲਿਆਂਦਾ ਗਿਆ, ਜਿਥੋਂ ਬੱਸ ਰਾਹੀਂ ਲਖਨਊ ਲਿਜਾਇਆ ਗਿਆ ਤੇ ਲਖਨਊ ਹਵਾਈ ਅੱਡੇ ਤੋਂ ਰੂਸ ਭੇਜ ਦਿੱਤਾ ਗਿਆ। ਰਘੂਨਾਥ ਸਿੰਘ ਨੇ ਦੱਸਿਆ ਕਿ ਰੂਸ ਤੋਂ ਸਾਰੇ ਨੌਜਵਾਨਾਂ ਨੂੰ ਇੱਕ ਟੈਕਸੀ ਵਿੱਚ ਬਿਠਾ ਕੇ ਬੇਲਾਰੂਸ ਦੇ ਜੰਗਲਾਂ ਵਿਚ ਛੱਡ ਦਿੱਤਾ ਗਿਆ
ਜਿਥੇ ਉਹ ਕਈ ਦਿਨ ਭਟਕਦੇ ਰਹੇ। ਇਸ ਤੋਂ ਬਾਅਦ 15 ਮਾਰਚ ਨੂੰ ਪਰਿਵਾਰ ਦੀ ਕਰਨ ਨਾਲ ਗੱਲ ਹੋਈ ਸੀ ਜਿਸ ਦੌਰਾਨ ਉਸ ਨੇ ਦੱਸਿਆ ਸੀ ਕਿ ਉਸ ਨੇ ਚਾਰ ਦਿਨਾਂ ਤੋਂ ਕੁਝ ਨਹੀਂ ਸੀ ਖਾਧਾ। ਇਸ ਮਗਰੋਂ ਪਰਿਵਾਰ ਦਾ ਕਰਨ ਨਾਲ ਕੋਈ ਸੰਪਰਕ ਨਹੀਂ ਹੋਇਆ। ਕਰਨ ਦੇ ਨਾਲ ਵਾਲੇ ਲੜਕਿਆਂ ਨੂੰ ਸੁਰੱਖਿਆ ਅਧਿਕਾਰੀਆਂ ਨੇ ਫੜ ਕੇ ਇੱਕ ਕੈਂਪ ਵਿਚ ਰੱਖਿਆ ਹੋਇਆ ਹੈ, ਪਰ ਕਰਨ ਬਾਰੇ ਕੋਈ ਖ਼ਬਰ ਨਹੀਂ ਮਿਲੀ ਹੈ। ਲੜਕਿਆਂ ਤੋਂ ਪਤਾ ਲੱਗਾ ਹੈ ਕਿ ਬੇਲਾਰੂਸ ਦੇ ਜੰਗਲ ਵਿਚ ਕਰਨ ਉਨ੍ਹਾਂ ਤੋਂ ਵਿਛੜ ਗਿਆ ਸੀ।