ਵਾਤਾਵਰਣ ਦੀ ਸੰਭਾਲ ਲਈ ਪ੍ਰੇਰਿਤ ਕਰਨ ਵਾਲੇ ਪੰਜਾਬ ਦੇ 2 ਕਿਸਾਨਾਂ ਨਾਲ ਪੀਐੱਮ ਮੋਦੀ ਕਰਨਗੇ 'ਮਨ ਕੀ ਬਾਤ'
ਉਨ੍ਹਾਂ ਦੀ ਗੱਲ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ 100ਵੇਂ ਪ੍ਰੋਗਰਾਮ ਵਿਚ ਦੇਸ਼, ਦੁਨੀਆ ਦੇ ਲੋਕਾਂ ਨੂੰ ਸੁਣਨ ਨੂੰ ਮਿਲੇਗੀ।
ਚੰਡੀਗੜ੍ਹ - ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਨ ਕੀ ਬਾਤ ਪ੍ਰੋਗਰਾਮ ਦਾ 100ਵਾਂ ਐਪੀਸੋਡ ਹੋਵੇਗਾ ਤੇ ਇਸ ਐਪੀਸੋਡ ਵਿਚ ਪ੍ਰਧਾਨ ਮੰਤਰੀ ਪੰਜਾਬ ਦੇ 2 ਕਿਸਾਨਾਂ ਨਾਲ ਵਿਸ਼ੇਸ਼ ਗੱਲਬਾਤ ਕਰਨਗੇ ਜੋ ਕਿ ਵਾਤਾਵਰਣ ਦੀ ਸਾਂਭ-ਸੰਭਾਲ ਲਈ ਹੋਰਾਂ ਨੂੰ ਪ੍ਰੇਰਿਤ ਕਰਦੇ ਹਨ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਪੈਂਦੇ ਪਿੰਡ ਕੱਲਰ ਮਾਜਰੀ ਦੇ ਕਿਸਾਨ ਬੀਰ ਦਲਵਿੰਦਰ ਸਿੰਘ ਅਤੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬੁਰਜ ਦੇਵਾ ਸਿੰਘ ਦੇ ਕਿਸਾਨ ਗੁਰਬਚਨ ਸਿੰਘ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਗੱਲ ਐਤਵਾਰ ਨੂੰ ਪ੍ਰਧਾਨ ਮੰਤਰੀ ਦੇ 100ਵੇਂ ਪ੍ਰੋਗਰਾਮ ਵਿਚ ਦੇਸ਼, ਦੁਨੀਆ ਦੇ ਲੋਕਾਂ ਨੂੰ ਸੁਣਨ ਨੂੰ ਮਿਲੇਗੀ।
ਪਿੰਡ ਕੱਲਰ ਮਾਜਰੀ (ਫ਼ਤਹਿਗੜ੍ਹ ਸਾਹਿਬ) ਦੇ 45 ਸਾਲਾ ਕਿਸਾਨ ਬੀਰ ਦਲਵਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਤੋਂ ਐੱਮਟੈੱਕ ਕੰਪਿਊਟਰ ਸਾਇੰਸ ਦੀ ਡਿਗਰੀ ਹਾਸਲ ਕੀਤੀ ਹੋਈ ਹੈ ਅਤੇ ਉਨ੍ਹਾਂ ਨੇ ਕੁੱਝ ਸਾਲ ਗੜਗਾਓਂ ’ਚ ਨੌਕਰੀ ਵੀ ਕੀਤੀ। ਪਿਤਾ ਪੁਰਖੀ ਖੇਤੀ ਦੇ ਧੰਦੇ ਨੂੰ ਸਾਂਭਣ ਅਤੇ ਆਧੁਨਿਕ ਤਕਨੀਕ ਰਾਹੀਂ ਖੇਤੀ ਕਰਨ ਲਈ ਉਨ੍ਹਾਂ ਨੇ 2008 ਵਿਚ ਨੌਕਰੀ ਛੱਡ ਕੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਹ ਅੱਜ ਕਰੀਬ 60 ਏਕੜ ਵਿਚ ਝੋਨਾ, ਕਣਕ, ਮੱਕੀ, ਆਲੂ ਅਤੇ ਮੂੰਗੀ ਦੀ ਖੇਤੀ ਕਰਦਾ ਹੈ। ਬੀਰ ਦਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਚੇਰੀ ਤੇ ਤਕਨੀਕੀ ਸਿੱਖਿਆ ਦਾ ਉਸ ਨੂੰ ਖੇਤੀ ਖੇਤਰ ਵਿਚ ਪੂਰਾ ਲਾਭ ਮਿਲ ਰਿਹਾ ਹੈ।
ਉਸ ਨੇ ਸਾਲ 2012 ਤੋਂ ਖੇਤੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਕਿਨਾਰਾ ਕਰ ਲਿਆ ਸੀ ਤੇ ਪਿੰਡ ਵਾਸੀਆਂ ਨੂੰ ਵੀ ਪੌਣ-ਪਾਣੀ ਬਚਾਉਣ ਲਈ ਪ੍ਰੇਰਿਤ ਕੀਤਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ 2017 ਤੋਂ ਸਮੁੱਚੇ ਪਿੰਡ ਨੇ ਪਰਾਲੀ ਨੂੰ ਅੱਗ ਲਗਾਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਸਾਨਾਂ ਨੂੰ ਖੇਤੀ ਦੀ ਰਹਿੰਦ-ਖੂੰਹਦ ਦੀ ਮਹੱਤਤਾ ਅਤੇ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਤੇ ਹੁਣ ਉਸ ਦੀ ਮਿਹਨਤ ਨੂੰ ਫਲ ਮਿਲ ਗਿਆ।
ਇਸੇ ਤਰ੍ਹਾਂ ਤਰਨ ਤਾਰਨ ਦੇ ਪਿੰਡ ਬੁਰਜ ਦੇਵਾ ਸਿੰਘ ਦੇ ਕਿਸਾਨ ਗੁਰਬਚਨ ਸਿੰਘ ਦੀ ਗੱਲਬਾਤ ਵੀ ਪਿੰਡ ਤੋਂ ਕੌਮੀ ਪੱਧਰ ’ਤੇ ਹੋਣ ਲੱਗੀ। ਚਾਲੀ ਏਕੜ ਵਿਚ ਉਹ ਕਣਕ, ਬਾਸਮਤੀ, ਮਟਰ, ਮੱਕੀ, ਸਰ੍ਹੋਂ, ਤੋਰੀਆਂ ਆਦਿ ਦੀ ਫ਼ਸਲ ਬੀਜਦਾ ਹੈ। ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸਾਲ 2000 ਤੋਂ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸਾੜਨਾ ਬੰਦ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਉਹ ਬਾਬੇ ਨਾਨਕ ਦੇ ਕਰਤਾਰਪੁਰ ਦੀ ਖੇਤੀ ਦੇ ਮਿਸ਼ਨ ’ਤੇ ਪਹਿਰਾ ਦੇ ਰਿਹਾ ਹੈ। ਪਿੰਡ ਵਿਚ ਕੋਈ ਕਿਸਾਨ ਪਰਾਲੀ ਜਾਂ ਹੋਰ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਂਦਾ। ਕਿਸਾਨ ਦਾ ਮੰਨਣਾ ਹੈ ਕਿ ਖੇਤੀ ਕਾਨੂੰਨ ਖ਼ਿਲਾਫ਼ ਸੰਘਰਸ਼ ਦੌਰਾਨ ਰੋਸ ਵਜੋਂ ਕੁਝ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ ਸੀ ਪਰ ਉਸ ਤੋਂ ਬਾਅਦ ਕਿਸੇ ਨੇ ਅੱਗ ਨਹੀਂ ਲਗਾਈ। ਉਨ੍ਹਾਂ ਦੇ ਪਿੰਡ ਦੀ ਮਿੱਟੀ ਦੀ ਪਰਖ ਰਿਪੋਰਟ (ਕਾਰਬਨ ਦਾ ਪੱਧਰ) ਅੱਠ ਪ੍ਰਤੀਸ਼ਤ ਤੋਂ ਉੱਪਰ ਆਈ ਹੈ। ਕਿਸਾਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਹੋਣ ਨਾਲ ਭਾਵੇਂ ਉਸ ਨੂੰ ਬਹੁਤ ਖੁਸ਼ੀ ਹੈ ਪਰ ਮੰਜ਼ਿਲ ਅਜੇ ਹਾਸਲ ਨਹੀਂ ਹੋਈ ਬਲਕਿ ਸ਼ੁਰੂ ਹੀ ਹੋਈ ਹੈ।