ਹਲਕਾ ਸ਼ਾਹਕੋਟ 'ਚ ਜ਼ਿਮਨੀ ਚੋਣ ਨੂੰ ਲੈ ਕੇ ਵੋਟਰਾਂ ਨੇ ਵਿਖਾਇਆ ਉਤਸ਼ਾਹ
ਹਲਕਾ ਸ਼ਾਹਕੋਟ ਤੋਂ ਵੱਖ-ਵੱਖ ਪਾਰਟੀਆਂ ਦੇ 12 ਉਮੀਦਵਾਰ ਚੋਣ ਮੈਦਾਨ ਵਿੱਚ ਹਨ
ਸ਼ਾਹਕੋਟ (ਅਜ਼ਾਦ ਸਿੰਘ ਅਰੋੜਾ): ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ 28 ਮਈ ਯਾਨੀ ਕਿ ਅੱਜ ਹਲਕਾ ਸ਼ਾਹਕੋਟ 'ਚ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ। ਹਲਕਾ ਸ਼ਾਹਕੋਟ ਤੋਂ ਵੱਖ-ਵੱਖ ਪਾਰਟੀਆਂ ਦੇ 12 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਮੁੱਖ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਅਤੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਨਾਇਬ ਸਿੰਘ ਕੋਹਾੜ ਵਿੱਚ ਹੈ।
ਚੋਣਾਂ ਦੌਰਾਨ ਸਵੇਰੇ 7:15 ਵਜੇ ਸ਼੍ਰੌਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੇ ਪਿੰਡ ਕੋਹਾੜ ਕਲਾਂ ਦੇ ਸਰਕਾਰੀ ਮਿਡਲ ਸਕੂਲ 'ਚ ਬਣੇ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਇਸ ਮੌਕੇ ਨਾਇਬ ਸਿੰਘ ਕੋਹਾੜ ਨੇ ਕਿਹਾ ਕਿ ਉਹ ਹਲਕਾ ਸ਼ਾਹਕੋਟ ਤੋਂ ਸ਼੍ਰੌਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਹਨ ਅਤੇ ਉਹ ਇਹ ਸੀਟ ਵੱਡੀ ਲੀਡ ਨਾਲ ਜਿੱਤਣਗੇ। ਉਨਾਂ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਸੱਤਾ ਵਿੱਚ ਹੋਣ ਕਾਰਨ ਕਾਂਗਰਸ ਪਾਰਟੀ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਅਕਾਲੀ-ਭਾਜਪਾ ਆਗੂਆਂ ਅਤੇ ਵਰਕਰਾਂ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਤੇ ਹਲਕੇ ਦੇ ਕੁੱਝ ਪਿੰਡਾਂ ਵਿੱਚ ਧੱਕੇਸ਼ਾਹੀ ਵੀ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵੱਲੋਂ ਸਵੇਰੇ 8:30 ਵਜੇ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਸਾਹਲਾ ਨਗਰ ਮਲਸੀਆਂ ਵਿਖੇ ਬਣੇ ਪੋਲਿੰਗ ਬੂਥ 'ਤੇ ਆਪਣੀ ਪਤਨੀ ਮਨਜਿੰਦਰ ਕੌਰ ਖਹਿਰਾ ਨੂੰ ਨਾਲ ਲੈ ਕੇ ਆਪਣੀ ਵੋਟ ਪਾਈ ਗਈ। ਇਸ ਮੌਕੇ ਸ਼ੇਰੋਵਾਲੀਆਂ ਨੇ ਆਪਣੀ ਜਿੱਤ ਦਰਜ਼ ਕਰਦਿਆ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਨਾਂ 'ਤੇ ਵਿਸ਼ਵਾਸ਼ ਕਰਕੇ ਸ਼ਾਹਕੋਟ ਹਲਕੇ ਤੋਂ ਦੂਸਰੀ ਵਾਰ ਟਿਕਟ ਦਿੱਤੀ ਗਈ ਹੈ ਅਤੇ ਉਹ ਪਾਰਟੀ ਦਾ ਵਿਸ਼ਵਾਸ਼ ਕਾਇਮ ਰੱਖਣਗੇ ਤੇ ਵੱਡੀ ਲੀਡਰ ਨਾਲ ਜਿੱਤ ਦਰਜ਼ ਕਰਨਗੇ।
ਉਨਾਂ ਕਿਹਾ ਕਿ ਅਕਾਲੀ ਉਮੀਦਵਾਰ ਵੱਲੋਂ ਉਨਾਂ 'ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਜੋਕਿ ਸਰਾਸਰ ਗਲਤ ਹਨ। ਉਨਾਂ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਦੇ ਉਮੀਵਾਰ ਲਗਾਤਾਰ 5 ਵਾਰ ਹਲਕੇ ਤੋਂ ਜਿੱਤੇ ਸਨ, ਪਰ ਹਲਕੇ ਦਾ ਵਿਕਾਸ ਨਹੀਂ ਕਰਵਾਇਆ, ਜਿਸ ਕਾਰਨ ਲੋਕ ਅਕਾਲੀ ਦਲ ਤੋਂ ਖਫ਼ਾਂ ਹਨ। ਉਨਾਂ ਕਿਹਾ ਕਿ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਕਾਂਗਰਸ ਦੇ ਹੱਕ ਵਿੱਚ ਫੱਤਵਾਂ ਦੇਖ ਬੁਖਲਾਹਟ ਵਿੱਚ ਅਜਿਹੇ ਦੋਸ਼ ਲਗਾ ਰਹੇ ਹਨ, ਪਰ 31 ਮਈ ਨੂੰ ਸਭ ਸਾਹਮਣੇ ਆ ਜਾਵੇਗਾ।
ਇਸ ਮੌਕੇ ਲਾਡੀ ਸ਼ੇਰੋਵਾਲੀਆਂ ਦੀ ਪਤਨੀ ਮਨਜਿੰਦਰ ਕੌਰ ਖਹਿਰਾ ਨੇ ਵੀ ਆਪਣੇ ਪਤੀ ਦੀ ਸਖਸ਼ੀਅਤ ਬਾਰੇ ਗੱਲ ਕਰਦਿਆ, ਉਨਾਂ ਦੇ ਹੱਕ ਵਿੱਚ ਫੱਤਵਾ ਦਿੱਤਾ ਅਤੇ ਕਿਹਾ ਕਿ ਚੋਣ ਜਿੱਤਣ ਉਪਰੰਤ ਉਨਾਂ ਦੇ ਪਤੀ ਲਾਡੀ ਸ਼ੇਰੋਵਾਲੀਆਂ ਹਲਕੇ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਰਹਿਣ ਦੇਣਗੇ। ਜ਼ਿਮਨੀ ਚੋਣ ਦੌਰਾਨ ਜਿਥੇ ਕੁੱਝ ਪੋਲਿੰਗ ਬੂਥਾਂ 'ਤੇ ਸਵੇਰ ਸਮੇਂ ਭਾਰੀ ਰੌਣਕ ਦੇਖਣ ਨੂੰ ਮਿਲੀ, ਉਥੇ ਹੀ ਕੁੱਝ ਬੂਥ ਖਾਲੀ ਦੇਖੇ ਗਏ।
ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਦੌਰਾਨ ਸਵੇਰੇ 9 ਵਜੇ ਤੱਕ 10 ਫੀ ਸਦੀ ਪੋਲਿੰਗ ਹੋਈ ਅਤੇ ਬਜ਼ੁਰਗਾਂ ਵਿਚ ਵੀ ਵੋਟਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਸ਼ਾਹਕੋਟ ਸ਼ਹਿਰ ਦੇ ਬੂਥ ਨੰ: 132 ਸਰਕਾਰੀ ਮਿਡਲ ਸਕੂਲ ਸ਼ਾਹਕੋਟ ਲੜਕੇ ਅਤੇ ਬੂਥ ਨੰ: 135 ਸਰਕਾਰੀ ਐਲੀਮੈਂਟਰੀ ਸਕੂਲ ਢੇਰੀਆਂ, ਸ਼ਾਹਕੋਟ ਵਿਖੇ ਈ.ਵੀ.ਐੱਮ. ਮਸ਼ੀਨਾਂ ਵਿੱਚ ਖਰਾਬੀ ਆਉਣ ਕਾਰਨ ਵੋਟਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਕੁਝ ਬੂਥਾਂ 'ਤੇ ਕਾਂਗਰਸ ਅਤੇ ਅਕਾਲੀ ਪਾਰਟੀਆਂ ਦੇ ਵਰਕਰਾਂ ਨੂੰ ਮਾਮੂਲੀ ਤਕਰਾਰ ਹੋਣ ਬਾਰੇ ਵੀ ਪਤਾ ਲੱਗਾ ਹੈ।