ਚੰਡੀਗੜ੍ਹ, 27 ਮਈ (ਜੀ.ਸੀ. ਭਾਰਦਵਾਜ): ਇਸ ਸਾਲ ਕੇਂਦਰੀ ਅਨਾਜ ਭੰਡਰਾਨ ਵਾਸਤੇ, 127 ਲੱਖ ਟਨ ਕਣਕ ਦੀ ਖ਼ਰੀਦ ਕਰਨ ਵਾਲੇ ਸੂਬੇ ਪੰਜਾਬ ਦੇ ਕਿਸਾਨਾਂ, ਆੜ੍ਹਤੀਆਂ, ਖ਼ਰੀਦ ਏਜੰਸੀਆਂ ਦੇ ਕਰਮਚਾਰੀਆਂ, ਕਰਿੰਦਿਆਂ ਤੇ ਹੋਰ ਸਟਾਫ਼ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਏਸ਼ੀਆਂ ਦੇ ਸੱਭ ਤੋਂ ਵੱਡੇ ਮੰਡੀਕਰਨ ਸਿਲਸਿਲੇ ਨੇ ਪੰਜਾਬ ਦੇ ਅਰਥਚਾਰੇ ਨੂੰ ਮਜ਼ਬੂਤ ਕੀਤਾ ਹੈ।
ਇਸ ਇਤਿਹਾਸਕ ਵੱਡੇ ਖ਼ਰੀਦ ਉਪ੍ਰੇਸ਼ਨ ਬਾਰੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਲਾਲ ਸਿੰਘ ਨੇ ਦਸਿਆ ਕਿ ਭਾਵੇਂ ਇਸ ਸਾਲ ਤਿੰਨ ਲੱਖ ਟਨ ਕਣਕ ਖ਼ਰੀਦ ਘੱਟ ਹੋਈ ਹੈ ਪਰ ਮੌਜੂਦਾ ਖ਼ਤਰਨਾਕ ਸਮੇਂ ਦੌਰਾਨ 1830 ਮੰਡੀਆਂ ਵਧਾ ਕੇ 4100 ਕਰਨ, ਪਾਣੀ-ਬਿਜਲੀ ਅਤੇ ਸੈਨੇਟਾਈਜ਼ਰਾਂ ਦਾ ਪ੍ਰਬੰਧ ਕਰਨਾ, ਭੀੜ ਘਟਾਉਣ ਲਈ ਕੰਪਿਊਟਰ ਯੁਕਤ ਟੋਕਨ-ਪਾਸ ਜਾਰੀ ਕਰਨਾ, ਇਕ ਲੱਖ ਮਾਸਕ ਅੇਤ 10000 ਲਿਟਰ ਸੈਨੇਟਾਈਜ਼ਰ ਦਾ ਪ੍ਰਬੰਧ ਅਤੇ 45 ਦਿਨਾਂ ਦੇ ਸਮੇਂ ਵਿਚ ਇਹ ਵੱਡਾ ਪ੍ਰਾਜਕੈਟ ਸਿਰੇ ਚਾੜ੍ਹਨ ਦਾ ਸਿਹਰਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਲੇਰਾਨਾ ਤੇ ਸੂਝ-ਬੂਝ ਵਾਲੇ ਫ਼ੈਸਲੇ ਕਰ ਕੇ ਉਨ੍ਹਾਂ ਦੇ ਸਿਰ ਹੀ ਬਝਦਾ ਹੈ। ਚੇਅਰਮੈਨ ਨੇ ਕਿਹਾ ਕਿ ਇਕ ਵੀ ਕੋਰੋਨਾ ਪੀੜਤ ਮਾਮਲਾ ਸਾਹਣਮਣੇ ਨਹੀਂ ਆਇਆ, ਕਿਸਾਨਾਂ ਨੂੰ ਤੰਗੀ ਘੱਟ ਹੋਈ, ਉਨ੍ਹਾਂ ਨੂੰ ਫ਼ਸਲ ਦੀ ਅਦਾਇਗੀ ਹੁਣ ਤਕ 24364 ਕਰੋੜ ਦੀ ਹੋ ਗਈ ਹੈ ਜੋ ਕੁਲ ਖ਼ਰੀਦ ਦਾ 99.95 ਫ਼ੀ ਸਦੀ ਹੈ।
ਸ. ਲਾਲ ਸਿੰਘ ਨੇ ਦਸਿਆ ਕਿ ਪੰਜਾਬ ਨੇ ਇਸ ਸਾਲ ਕੇਂਦਰੀ ਭੰਡਾਰ ਲਈ 37 ਫ਼ੀ ਸਦੀ ਹਿੱਸਾ ਕਣਕ ਖ਼ਰੀਦ ਵਿਚ ਪਾਇਆ ਹੈ ਅਤੇ ਇਸ ਵੱਡੀ ਕਾਮਯਾਬੀ ਦੀ ਚਰਚਾ ਅਤੇ ਮੁੱਖ ਮੰਤਰੀ ਦੇ ਫ਼ੈਸਲੇ ਅਤੇ ਉਨ੍ਹਾਂ ਦੀ ਯੋਗ ਟੀਮ ਤੇ ਅਗਵਾਈ ਦੀ ਸ਼ਲਾਘਾ ਸਾਰੇ ਮੁਲਕ ਵਿਚ ਹੋ ਰਹੀ ਹੈ। ਮੰਡੀ ਬੋਰਜ ਦੇ ਚੇਅਰਮੈਨ ਨੇ ਦਸਿਆ ਕਿ ਭਾਵੇਂ ਬਾਕੀ ਸਾਰੇ ਮੁਲਕ ਵਿਚ ਤਾਲਾਬੰਦੀ ਤੇ ਕਰਫ਼ਿਊ ਕਾਰਨ ਆਰਥਕ ਮੰਦੀ ਦੀ ਹਾਹਾਕਾਰ ਮਚੀ ਹੋਈ ਹੈ ਪਰ ਪੰਜਾਬ ਵਿਚ 65 ਫ਼ੀ ਸਦੀ ਆਬਾਦੀ ਕੇਵਲ ਖੇਤੀ ਉਤੇ ਨਿਰਭਰ ਹੈ, ਕਣਕ -ਝੋਨਾ ਤੇ ਹੋਰ ਫ਼ਸਲਾਂ ਤੋਂ ਸਾਲਾਨਾ 70,000 ਕਰੋੜ ਦਾ ਅਰਥਚਾਰੇ ਦਾ ਚੱਕਰ, ਲੈਣ-ਦੇਣ, ਪੰਜਾਬ ਨੂੰ ਬਚਾ ਲਵੇਗਾ।
ਉਨ੍ਹਾਂ ਕਿਹਾ ਕਿ ਅਗਲੇ ਚਾਰ ਦਿਨ ਯਾਨੀ 31 ਮਈ ਤਕ ਕਣਕ ਦੀ ਖ਼ਰੀਦ ਚੱਲੇਗੀ ਅਤੇ ਮੌਜੂਦਾ 126.61 ਲੱਖ ਟਨ ਵਿਚ 35-40 ਹਜ਼ਾਰ ਟਨ ਹੋਰ ਪੈ ਕੇ ਕੁਲ ਖ਼ਰੀਦ 127 ਲੱਖ ਟਨ ਨੂੰ ਛੋਹ ਲਵੇਗੀ, ਜੋ ਪਿਛਲੇ ਸਾਲ ਦੇ 130.16 ਲੱਖ ਟਨ ਤੋਂ 3 ਲੱਖ ਟਨ ਘੱਟ ਰਹੇਗੀ। ਵਧੀਆ ਕਾਰਗੁਜ਼ਾਰੀ ਕਰਨ ਵਾਲੇ ਚੋਣਵੇਂ ਮੰਡੀ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਗਲੇ ਸੋਮਵਾਰ 1 ਜੂਨ ਨੂੰ ਸਨਮਾਨਤ ਕੀਤਾ ਜਾਵੇਗਾ। ਸਨਮਾਨ ਵਿਚ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਸਰਟੀਫ਼ੀਕੇਟ ਦਿਤੇ ਜਾਣਗੇ।