ਮੱਧਮ ਵਪਾਰੀ ਲਈ ਰਾਹਤ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਦਿਤਾ ਮੰਗ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੋਟਲ ਇੰਡਸਟਰੀ ਦੇ ਰੁਜ਼ਗਾਰ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ

1

ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ/ਗੁਰਦੇਵ ਸਿੰਘ) : ਕੋਰੋਨਾ ਮਹਾਂਮਾਰੀ ਕਰਕੇ ਲੱਗੇ ਲਾਕਡਾਊਨ ਦੌਰਾਨ ਆਮ ਲੋਕ ਤੇ ਖਾਸਕਰ ਮੱਧਮ ਵਪਾਰੀ 'ਤੇ ਪਏ ਆਰਥਿਕ ਬੋਝ ਲਈ ਰਾਹਤ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਦੀ ਅਗਵਾਈ ਹੇਠ ਸੂਬਾ ਸਰਕਾਰ ਦੇ ਨਾ ਤਹਿਸੀਲਦਾਰ ਰਮੇਸ਼ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਗਿਆ।


ਇਸ ਮੌਕੇ ਬੋਲਦਿਆਂ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ, ਹਲਕਾ ਮੁਕਤਸਰ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ' ਤੇ ਹਲਕਾ ਮਲੋਟ ਪ੍ਰਧਾਨ ਜਸ਼ਨ ਬਰਾੜ ਲੱਖੇਵਾਲੀ ਨੇ ਆਖਿਆ ਕਿ ਪੰਜਾਬ 'ਚ ਲੱਗੇ ਕਰਫਿਊ ਦੌਰਾਨ ਪਿਛਨੇ ਕਰੀਬ ਢਾਈ ਮਹੀਨਿਆਂ ਤੋਂ ਬੰਦ ਪਏ ਵਪਾਰ ਤੇ ਇੰਡਸਟਰੀਜ਼ ਕਾਰਨ ਆਮ ਲੋਕਾਂ 'ਤੇ ਆਰਥਿਕ ਬੋਝ ਵਧਿਆ ਹੈ ਅਤੇ ਹੁਣ ਕਰਫਿਊ ਦੀ ਦਿੱਤੀ ਢਿੱਲ ਕਾਰਨ ਭਾਵੇਂ ਵਪਾਰ ਤੇ ਇੰਡਸਟਰੀਜ਼ ਤਾਂ ਖੁੱਲ ਗਏ ਹਨ ਪਰ ਬੰਦ ਦੌਰਾਨ ਆਮ ਜਨਤਾ ਖਾਸਕਰ ਮੱਧਮ ਪਰਿਵਾਰਾਂ ਤੇ ਜਿਆਦਾ ਬੋਝ ਪਿਆ ਹੈ ਜਿਸ ਕਾਰਨ ਹੁਣ ਦੁਬਾਰਾ ਜਿੰਦਗੀ ਨੂੰ ਸ਼ੁਰੂ ਕਰਨ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਇਸ ਸੰਬੰਧੀ ਲੋਕਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਜਿਸ ਕਾਰਨ ਸਰਕਾਰ ਵੱਲੋਂ ਹੁਣ ਲੋਕਾਂ ਨੂੰ ਭੇਜੇ ਗਏ ਬਿਜਲੀ ਬਿੱਲ, ਪ੍ਰਾਪਰਟੀ ਟੈਕਸ, ਬੈਂਕਾਂ ਦੀਆਂ ਕਿਸ਼ਤਾਂ, ਸੀਵਰੇਜ਼ ਬਿੱਲ, ਪਾਣੀ ਬਿੱਲ ਅਤੇ ਹੋਰ ਖਰਚਿਆਂ ਦਾ ਭੁਗਤਾਨ ਕਰਨਾ ਅਸੰਭਵ ਹੈ ਇਸ ਲਈ ਸਰਕਾਰ ਪਿਛਲੇ 3 ਮਹੀਨਿਆਂ ਦੇ ਉਕਤ ਖਰਚੇ ਮਾਫ ਕੀਤੇ ਜਾਣ।

1

ਲਾਕਡਾਊਨ ਕਾਰਨ ਬੰਦ ਹੋਏ ਰੁਜ਼ਗਾਰ ਕਾਰਨ ਜਿੱਥੇ ਗਰੀਬ ਪਰਿਵਾਰ, ਮਜ਼ਦੂਰ ਤੇ ਕਿਰਾਏ 'ਤੇ ਰਹਿ ਗਏ ਦੁਕਾਨਦਾਰਾਂ ਤੇ ਲੋਕਾਂ ਨੂੰ ਮਕਾਨ ਮਾਲਕਾਂ ਵੱਲੋਂ ਕਿਰਾਇਆ ਦੇਣ ਲਈ ਜੋਰ ਪਾਇਆ ਜਾ ਰਿਹਾ ਹੈ ਅਤੇ ਬੰਦ ਤੋਂ ਬਾਅਦ ਖੁੱਲ੍ਹੇ ਬਾਜ਼ਾਰਾਂ 'ਚ ਕੰਮ ਨਾ ਹੋਣ ਕਾਰਨ ਵਪਾਰੀਆਂ ਨੂੰ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇੰਡਸਟਰੀ ਖੁੱਲ੍ਹਣ ਨਾਲ ਰੁਜ਼ਗਾਰ ਦੇ ਸਾਧਨ ਪੈਦਾ ਹੋਣੇ ਸਨ ਪਰ ਪ੍ਰਵਾਸੀ ਲੇਬਰ ਦਾ ਆਪਣੇ ਰਾਜਾਂ ਨੂੰ ਵਾਪਸ ਜਾਣ ਕਰਕੇ ਸੂਬੇ ਅੰਦਰ ਲੇਬਰ ਦੀ ਵੀ ਘਾਟ ਮਹਿਸ਼ੂਸ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 5 ਹਜ਼ਾਰ ਹੋਟਲ, 3500 ਰਿਜੋਰਟ, ਟੂਰੀਜਮ ਇੰਡਸਟਰੀ ਨਾਲ ਜੁੜੇ ਕਰੀਬ 10 ਲੱਖ ਪੰਜਾਬ ਦੇ ਲੋਕ ਜਿਵੇਂ ਟੈਂਟ, ਹਲਵਾਈ, ਕੈਟਰਿੰਗ, ਲਾਈਟ ਡੈਕੋਰੇਸ਼ਨ, ਫਲਾਵਰ ਡੈਕੋਰੇਸ਼ਨ, ਵੇਟਰ, ਡੀ.ਜੇ ਸਾਊਂਡ, ਸੱਭਿਆਚਾਰ ਗਰੁੱਪ ਆਦਿ ਅੱਜ ਬੇਰੁਜ਼ਗਾਰ ਹੋਏ ਹਨ।


ਆਮ ਆਦਮੀ ਪਾਰਟੀ ਸੂਬਾ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਕਤ ਮੰਗਾਂ ਦੇ ਨਾਲ ਨਾਲ ਹੋਟਲ ਇੰਡਸਟਰੀ ਦੇ ਰੁਜ਼ਗਾਰ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ।