ਆਪ ਨੇ ਬਿਜਲੀ ਦੇ ਬਿੱਲ ਤੇ ਸਕੂਲਾਂ ਦੀਆਂ ਫ਼ੀਸਾਂ ਸਬੰਧੀ ਦਿਤਾ ਰੋਸ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਹਿਸੀਲਦਾਰ ਨੂੰ ਦਿਤਾ ਮੰਗ ਪੱਤਰ

ਡਾ. ਚਰਨਜੀਤ ਸਿੰਘ ਆਪ ਵਲੰਟੀਅਰਾਂ ਨਾਲ ਬਿਜਲੀ, ਪਾਣੀ ਦੇ ਬਿੱਲ ਤੇ ਸਕੂਲ ਫ਼ੀਸਾਂ ਮੁਆਫ਼ ਕਰਨ ਨੂੰ ਲੈ ਕੇ ਵਿਸਵਕਰਮਾਂ ਚੌਕ 'ਚ ਰੋਸ ਧਰਨਾ ਦਿੰਦੇ ਹੋਏ।

ਮੋਰਿੰਡਾ, 27 ਮਈ (ਰਾਜ ਕੁਮਾਰ ਦਸੌੜ, ਮੋਹਨ ਸਿੰਘ ਅਰੋੜਾ): ਆਮ ਆਦਮੀ ਪਾਰਟੀ ਹਲਕਾ ਇੰਚਾਰਜ ਸ੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਦੀ ਅਗਵਾਈ 'ਚ ਆਪ ਵਲੰਟੀਅਰਾਂ ਵਲੋਂ ਬਿਜਲੀ, ਪਾਣੀ ਦੇ ਬਿੱਲ ਤੇ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਨੂੰ ਲੈ ਕੇ ਅੱਜ ਵਿਸਵਕਰਮਾ ਚੌਕ ਮੋਰਿੰਡਾ ਵਿਖੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ।

 ਇਸ ਮੌਕੇ ਡਾ. ਚਰਨਜੀਤ ਸਿੰਘ ਤੇ ਆਪ ਵਲੰਟੀਅਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਤਹਿਸੀਲਦਾਰ ਮੋਰਿੰਡਾ ਅਮਨਦੀਪ ਚਾਵਲਾ ਤੇ ਡੀ.ਐਸ.ਪੀ. ਮੋਰਿੰਡਾ ਅਨਿਲ ਕੁਮਾਰ ਨੂੰ ਮੰਗ ਪੱਤਰ ਵੀ ਦਿਤਾ। ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਹਰ ਫ਼ਰੰਟ 'ਤੇ ਫੇਲ ਸਾਬਿਤ ਹੋਈ ਹੈ।

 ਕਰੋਨਾ ਵਾਇਰਸ ਦੇ ਚਲਦਿਆਂ ਲੱਗੇ ਕਰਫ਼ਿਊ ਦੌਰਾਨ ਗ਼ਰੀਬ ਤੇ ਮੱਧਮ ਵਰਗ ਦਾ ਆਰਥਿਕ ਪੱਖੋਂ ਬਹੁਤ ਨੁਕਸਾਨ ਹੋਇਆ ਹੈ ਕਿਉਂਕਿ ਲੋਕ ਅਪਣੇ ਘਰਾਂ ਵਿੱਚ ਹੀ ਬੰਦ ਹੋ ਕੇ ਰਹਿ ਗਏ ਸਨ ਜਦਕਿ ਰਾਜ ਸਰਕਾਰ ਨੇ ਕਿਸੇ ਤਰਾਂ ਦੀ ਕੋਈ ਆਰਥਿਕ ਰਾਹਤ ਨਹੀਂ ਦਿਤੀ।

ਹੁਣ ਕਰਫ਼ਿਊ ਖੁੱਲ੍ਹਣ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਵਾਲੇ ਬੱਚਿਆਂ ਤੋਂ ਫ਼ੀਸਾਂ ਮੰਗ ਰਹੇ ਹਨ ਅਤੇ ਬਿਜਲੀ ਬੋਰਡ ਵਲੋਂ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ। ਅਜਿਹੇ ਵਿਚ ਗ਼ਰੀਬ ਤੇ ਮੰਧਮ ਵਰਗ ਪੈਸੇ ਕਿੱਥੋਂ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਦੀਆਂ ਫ਼ੀਸਾਂ ਅਤੇ ਬਿਜਲੀ ਬੋਰਡ ਨੂੰ ਵਿਸ਼ੇਸ਼ ਆਰਥਕ ਮਦਦ ਜਾਰੀ ਕਰਕੇ ਲੋਕਾਂ ਦੇ 3 ਮਹੀਨੇ ਦੇ ਬਿੱਲ ਅਤੇ ਸਕੂਲੀ ਫ਼ੀਸਾਂ ਮੁਆਫ਼ ਕਰਵਾਈਆਂ ਜਾਣ।

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਤਾਲਾਬੰਦੀ ਦੌਰਾਨ ਦਾ ਤਿੰਨ ਮਹੀਨਿਆਂ ਦੀ ਬਿਜਲੀ, ਪਾਣੀ  ਦੇ ਬਿੱਲ ਤੇ ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਮੁਆਫ਼ ਨਾ ਕੀਤੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਸਹੇੜੀ, ਜ਼ਿਲ੍ਹਾ ਮੀਤ ਪ੍ਰਧਾਨ ਗੁਰਚਰਨ ਸਿੰਘ ਮਾਣੇਮਾਜਰਾ, ਪ੍ਰਸ਼ੋਤਮ ਸਿੰਘ, ਐਨ.ਪੀ.ਰਾਣਾ, ਬਲਵਿੰਦਰ ਸਿੰਘ ਚੈੜੀਆਂ, ਜ. ਸਕੱਤਰ ਰਜਿੰਦਰ ਸਿੰਘ ਚੱਕਲ, ਐਡਵੋਕੇਟ ਅਮਿਤ ਸ਼ੁਕਲਾ, ਰੋਹਿਤ ਵਸ਼ਿਸਟ ਆਦਿ ਹਾਜਰ ਸਨ।