ਬੀਜ ਮਾਮਲੇ ਤੇ ਲੱਕੀ ਦਾ ਦਾਅਵਾ ਕਿ ਉਸ ਨੂੰ ਅਕਾਲੀਆਂ ਨੇ 2007 ਵਿਚ ਲਾਈਸੈਂਸ ਦਿਤਾ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਨਾਲ ਐਗਰੋ ਸੀਡ ਕੰਪਨੀ ਦੇ ਮਾਲਕ ਲਖਵਿੰਦਰ ਕੁਮਾਰ ਲੱਕੀ ਨੇ ਮੀਡੀਆ ਸਾਹਮਣੇ ਆ ਕੇ ਦਾਅਵਾ ਕੀਤਾ ਹੈ

File Photo

ਗੁਰਦਾਸਪੁਰ, 27 ਮਈ (ਪਪ): ਕਰਨਾਲ ਐਗਰੋ ਸੀਡ ਕੰਪਨੀ ਦੇ ਮਾਲਕ ਲਖਵਿੰਦਰ ਕੁਮਾਰ ਲੱਕੀ ਨੇ ਮੀਡੀਆ ਸਾਹਮਣੇ ਆ ਕੇ ਦਾਅਵਾ ਕੀਤਾ ਹੈ ਕਿ ਮੈਨੂੰ ਲਾਇਸੈਂਸ ਤੋਂ 2007 ਵਿਚ ਮਿਲਿਆ ਸੀ ਜਦੋਂ ਮੈਂ 'ਅਕਾਲੀ' ਹੁੰਦਾ ਸੀ ਤੇ ਸੁੱਚਾ ਸਿੰਘ ਲੰਗਾਹ ਦੇ ਨੇੜੇ ਸੀ। ਉਦੋਂ ਸੁਖਵਿੰਦਰ ਸਿੰਘ ਰੰਧਾਵਾ ਤਾਂ ਥਾਣਿਆਂ ਅੱਗੇ ਧਰਨੇ ਮਾਰਨ ਵਾਲਾ ਵਰਕਰ ਸੀ ਤੇ ਉਹ ਕਿਸੇ ਨੂੰ ਕੁੱਝ ਦਿਵਾਉਣ ਦੀ ਤਾਕਤ ਕਿਥੇ ਰਖਦਾ ਸੀ? 2007 ਤੋਂ 2017 ਤਕ ਤਾਂ ਅਕਾਲੀ ਸਰਕਾਰ ਰਹੀ।

ਲੱਕੀ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੇ ਟਾਈਮ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਆਇਆ ਹੈ ਅਤੇ ਉਸ ਦਾ ਕਸੂਰ ਸਿਰਫ਼ ਏਨਾ ਹੈ ਕਿ ਇਸ ਵਾਰ ਉਸ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੀ ਸੋਚ ਮੁਤਾਬਿਕ ਸਹੀ ਉਮੀਦਵਾਰ ਸਮਝਦਿਆਂ ਬੀਤੀਆਂ ਵਿਧਾਨਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਵੋਟਾਂ ਪਾਈਆਂ। ਕੰਪਨੀ ਮਾਲਕ ਲੱਕੀ ਦਾ ਕਹਿਣਾ ਹੈ ਕਿ ਉਹ ਪੰਜਾਬ ਅੰਦਰ ਚੱਲ ਰਹੀ ਸੌੜੀ ਸਿਆਸਤ ਦੇ ਸ਼ਿਕਾਰ ਹੋ ਰਹੇ ਹਨ ਅਤੇ ਉਨ੍ਹਾਂ ਦਾ ਕਿਸੇ ਵੀ ਘੁਟਾਲੇ ਵਿੱਚ ਹੱਥ ਨਹੀਂ ਹੈ।

ਲੱਕੀ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਦੀ ਕੰਪਨੀ ਅਤੇ ਖ਼ੁਦ ਉਨ੍ਹਾਂ ਦੀ ਇਮੇਜ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਸਬੰਧੀ ਉਹ ਚੁੱਪ ਨਹੀਂ ਰਹਿਣਗੇ ਅਤੇ ਇਸ ਸਬੰਧ ਵਿੱਚ ਉਨ੍ਹਾਂ ਨੇ ਕਾਨੂੰਨ ਦਾ ਸਹਾਰਾ ਲੈਂਦਿਆਂ ਹੋਇਆ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਕੁੱਝ ਸਾਥੀਆਂ ਸਮੇਤ ਉਨ੍ਹਾਂ ਨਿਊਜ਼ ਅਦਾਰਿਆਂ ਨੂੰ ਵੀ ਨੋਟਿਸ ਜਾਰੀ ਕਰਵਾ ਦਿੱਤੇ ਹਨ ਜਿਨ੍ਹਾਂ ਨੇ ਇਸ ਮੁੱਦੇ ਨੂੰ ਟੈਲੀਕਾਸਟ ਕਰ ਕੇ ਉਨ੍ਹਾਂ ਦੀ ਇਮੇਜ ਨੂੰ ਮਿੱਟੀ 'ਚ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ।