ਪੁਲਿਸ ਨੇ ਛੇ ਕਿਲੋ ਅਫ਼ੀਮ ਸਮੇਤ ਦੋ ਤਸਕਰ ਕੀਤੇ ਗਿ੍ਰਫ਼ਤਾਰ
ਜਲੰਧਰ ਦਿਹਾਤੀ ਪੁਲਿਸ ਨੇ ਰਾਂਚੀ ਤੋਂ ਅਫ਼ੀਮ ਲਿਆ ਕੇ ਪੰਜਾਬ ਵੇਚਣ ਵਾਲੇ ਦੋ ਤਸਕਰਾਂ ਨੂੰ
ਜਲੰਧਰ, 27 ਮਈ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ): ਜਲੰਧਰ ਦਿਹਾਤੀ ਪੁਲਿਸ ਨੇ ਰਾਂਚੀ ਤੋਂ ਅਫ਼ੀਮ ਲਿਆ ਕੇ ਪੰਜਾਬ ਵੇਚਣ ਵਾਲੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਖਬੀਰ ਚੰਦ, ਗੁਰਪ੍ਰੀਤ ਸਿੰਘ ਦੋਵੇਂ ਸ਼ਾਂਤੀ ਨਗਰ, ਬਾਜਵਾੜਾ ਵਜੋਂ ਹੋਈ ਹੈ। ਦੋਵਾਂ ਤਸਕਰਾਂ ਕੋਲੋਂ 6 ਕਿਲੋ ਅਫ਼ੀਮ ਬਰਾਮਦ ਕੀਤੀ ਗਈ ਹੈ। ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦਸਿਆ ਕਿ ਥਾਣਾ ਭੋਗਪੁਰ ਦੇ ਐਸ.ਐਚ.ਓ. ਜਰਨੈਲ ਸਿੰਘ ਨੂੰ ਪਤਾ ਲੱਗਾ ਸੀ ਕਿ ਕੁੱਝ ਲੋਕ ਨਸ਼ੇ ਦਾ ਸਮਾਨ ਬੇਚਣ ਦਾ ਕੰਮ ਕਰਦੇ ਹਨ।
ਮੁਖ਼ਬਰ ਨੇ ਇਤਲਾਹ ਦਿਤੀ ਕਿ ਕੁੱਝ ਲੋਕ ਨਸ਼ਾ ਤਸਕਰੀ ਕਰ ਰਹੇ ਹਨ ਜਿਸ ਉਤੇ ਐਸ.ਪੀ.ਇਨਵੇਸਟੀਗੈਸ਼ਨ ਸਰਵਜੀਤ ਸਿੰਘ ਬਾਹੀਆ, ਡੀ.ਐੱਸ.ਪੀ. ਰਣਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਚੱਕ ਜੰਡੂ ਨੇੜੇ ਨਾਕਾਬੰਦੀ ਦੌਰਾਨ ਇਕ ਇਨੋਵਾ ਗੱਡੀ ਵਿਚ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ ਗਿਆ, ਜਦੋਂ ਤਲਾਸ਼ੀ ਲਈ ਗਈ, ਤਾਂ ਇਨ੍ਹਾਂ ਨਸ਼ੇ ਦੇ ਸੌਦਾਗਰਾਂ ਕੋਲੋਂ ਰਾਂਚੀ ਤੋਂ ਜਲੰਧਰ ਸਪਲਾਈ ਕਰਨ ਵਾਲਿਆਂ ਕੋਲੋਂ 6 ਕਿਲੋ ਅਫ਼ੀਮ ਮਿਲੀ। ਪੁਲਿਸ ਨੇ ਮੁਲਜ਼ਮ ਵਿਰੁਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।