ਜਾਮੀਆ ਮਿਲੀਆ ਯੂਨੀਵਰਸਿਟੀ ਦੇ ਪ੍ਰੋਫ਼ੈਸਰਾਂ ਨੇ ਗੁਰਦਵਾਰਾ ਬੰਗਲਾ ਸਾਹਿਬ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੇਵਾ ਭਾਵਨਾ ਦੇ ਉਪਰਾਲੇ ਸਮਾਜ 'ਚ ਖੁਸ਼ਨੁਮਾ ਪੈਦਾ ਕਰਦੇ ਨੇ ਮਾਹੌਲ: ਰਾਜਿੰਦਰ ਸਿੰਘ

ਗੁਰਦਵਾਰਾ ਬੰਗਲਾ ਸਾਹਿਬ 'ਚ ਨਤਮਸਤਕ ਹੋਣ ਉਪਰੰਤ ਰਾਜਿੰਦਰ ਸਿੰਘ ਤੇ ਜਾਮੀਆ ਮਿਲੀਆ ਯੂਨੀਵਰਸਟੀ ਦੇ ਪ੍ਰੋਫੈਸਰਾਂ ਦੀ ਟੀਮ ਆਦਿ।

ਨਵੀਂ ਦਿੱਲੀ 27 ਮਈ (ਸੁਖਰਾਜ ਸਿੰਘ): ਕੋਰੋਨਾ ਵਾਇਰਸ ਮਹਾਂਮਾਰੀ ਭਾਵੇਂ ਇਕ ਭਿਆਨਕ ਬਿਮਾਰੀ ਹੈ ਪਰ ਇਹ ਮਹਾਂਮਾਰੀ ਸਮਾਜ ਦੇ ਲੋਕਾਂ ਵਿੱਚ ਅਪਾਸੀ ਭਾਈਚਾਰੇ ਦਾ ਪੈਗਾਮ ਵੀ ਦੇ ਰਹੀ ਹੈ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਥੇ ਦੇ ਇਤਿਹਾਸਕ ਗੂਰਦਵਾਰਾ ਬੰਗਲਾ ਸਾਹਿਬ ਤੋਂ ਚੱਲ ਰਹੀ ਨਿਸ਼ਕਾਮ ਲੰਗਰ ਦੀ ਸੇਵਾ ਨੂੰ ਮੁੱਖ ਰੱਖਦਿਆਂ ਹੋਇਆ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀ ਟੀਮ ਨੇ ਸਮੇਂ-ਸਮੇਂ ਕੱਚੀ ਰਸਦ ਦੀ ਸੇਵਾ ਕੀਤੀ ਅਤੇ ਈਦ ਦੇ ਮੋਕੇ ਗੂਰਦਵਾਰਾ ਬੰਗਲਾ ਸਾਹਿਬ ਵਿਖੇ ਇਹ ਟੀਮ ਨਤਮਸਤਕ ਹੋਣ ਲਈ ਉਚੇਚੇ ਤੌਰ 'ਤੇ ਪਹੁੰਚੀ।

ਇਸ ਮੌਕੇ ਡਾ. ਮੁਹੰਮਦ ਫੈਜਾਨ ਨੇ ਕਿਹਾ ਕਿ ਸਿੱਖ ਮਜ਼ਹਬ ਮਾਨਵਤਾ ਭਲਾਈ ਦੇ ਕਾਰਜਾਂ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਸੈਫ ਅਲਵੀ ਅਤੇ ਮੈਡਮ ਅੰਜੁਮ ਨੇ ਵੀ ਗੁਰੂ ਘਰਾਂ ਵਲੋਂ ਕੀਤੀ ਜਾਂਦੀ ਨਿਰੰਤਰ ਲੰਗਰ ਦੀ ਸੇਵਾ ਦੀ ਭਰਪੁਰ ਸ਼ਲਾਘਾ ਕੀਤੀ। ਰਾਜਿੰਦਰ ਸਿੰਘ ਨੇ ਸਭ ਦਾ ਧਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਖੁਸ਼ਨੂਮਾ ਮਾਹੌਲ ਪੈਦਾ ਕਰਦੇ ਹਨ।

ਇਸ ਮੌਕੇ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਚੰਢੋਕ ਅਤੇ ਵਿਕਰਮ ਸਿੰਘ ਰੋਹਿਣੀ ਨੇ ਆਈ ਟੀਮ ਨੂੰ ਜੀ ਆਇਆ ਨੂੰ ਆਖਿਆਂ ਤੇ ਧਨਵਾਦ ਕੀਤਾ।