ਸਰਹਿੰਦ ਰੇਲਵੇ ਸਟੇਸ਼ਨ ਤੋਂ ਪ੍ਰਵਾਸੀਆਂ ਨੂੰ ਲੈ ਕੇ ‘ਸ਼੍ਰਮਿਕ ਐਕਸਪ੍ਰੈੱਸ’ ਬਿਹਾਰ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਜੱਦੀ ਸੂਬਿਆਂ ਵਿਚ ਮੁਫ਼ਤ ਭੇਜਣ ਲਈ

File Photo

ਫ਼ਤਿਹਗੜ੍ਹ ਸਾਹਿਬ, 27 ਮਈ (ਇੰਦਰਪ੍ਰੀਤ ਬਖਸ਼ੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਜੱਦੀ ਸੂਬਿਆਂ ਵਿਚ ਮੁਫ਼ਤ ਭੇਜਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਤਹਿਤ ਸਰਹਿੰਦ ਰੇਲਵੇ ਸਟੇਸ਼ਨ ਤੋਂ ਇਕ ਹੋਰ ‘ਸ਼੍ਰਮਿਕ ਐਕਸਪ੍ਰੈੱਸ’ ਰੇਲ ਗੱਡੀ 1125 ਪ੍ਰਵਾਸੀਆਂ ਨੂੰ ਲੈ ਕੇ ਬਿਹਾਰ ਲਈ ਰਵਾਨਾ ਹੋਈ। ਇਹ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜਨਰਲ) ਜਸਪ੍ਰੀਤ ਸਿੰਘ ਨੇ ਦਸਿਆ ਕਿ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਬਿਹਾਰ ਜਾਣ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਸਰਹਿੰਦ ਰੇਲਵੇ ਸਟੇਸ਼ਨ ਲਿਆਂਦਾ ਗਿਆ, ਇੱਥੋਂ ਇਹ ਯਾਤਰੀ ਅਪਣੇ ਜੱਦੀ ਸੂਬੇ ਲਈ ਰਵਾਨਾ ਹੋਏ। 

ਜਸਪ੍ਰੀਤ ਸਿੰਘ ਨੇ ਦਸਿਆ ਕਿ ਤੈਅ ਪ੍ਰਕਿਰਿਆ ਤਹਿਤ ਰਜਿਸਟਰੇਸ਼ਨ ਉਪਰੰਤ ਮੈਡੀਕਲ ਸਕਰੀਨਿੰਗ ਮੁਕੰਮਲ ਹੋਣ ’ਤੇ ਇਸ ਵਿਸ਼ੇਸ਼ ਰੇਲ ਗੱਡੀ ਰਾਹੀਂ ਪਰਵਾਸੀਆਂ ਨੂੰ ਉਨ੍ਹਾਂ ਦੇ ਸੂਬੇ ਨੂੰ ਭੇਜਿਆ ਗਿਆ ਹੈ। ਯਤਾਰੀਆਂ ਨੂੰ ਖਾਣਾ ਮੁਹਈਆਂ ਕਰਵਾਉਣ ਦੇ ਨਾਲ ਉਨ੍ਹਾਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।    ਸਹਾਇਕ ਕਮਿਸ਼ਨਰ ਨੇ ਦਸਿਆ ਕਿ ਕੋਰੋਨਾ ਤੋਂ ਬਚਾਅ ਸਬੰਧੀ ਸਮਾਜਕ ਦੂਰੀ ਸਮੇਤ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਗਈ ਹੈ।

ਇਸ ਮੌਕੇ ਯਾਤਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਐਸ.ਪੀ ਅਮਰਜੀਤ ਸਿੰਘ ਮਟਵਾਨੀ, ਐਸ.ਡੀ.ਐਮ. ਫ਼ਤਿਹਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਐਸ.ਡੀ.ਐਮ. ਅਮਲੋਹ ਆਨੰਦ ਸਾਗਰ ਸ਼ਰਮਾ, ਐਸ.ਡੀ.ਐਮ ਬੱਸੀ ਪਠਾਣਾਂ ਪਵਿੱਤਰ ਸਿੰਘ, ਡੀ.ਐਸ.ਪੀ.ਅਮਲੋਹ ਸੁਖਵਿੰਦਰ ਸਿੰਘ, ਡੀ.ਐਸ.ਪੀ ਮਨਜੋਤ ਕੌਰ, ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਡੀ.ਐਸ.ਪੀ ਦਵਿੰਦਰ ਸਿੰਘ ਮਠਾੜੂ, ਡੀ.ਐਸ.ਪੀ ਹੰਸ ਰਾਜ, ਨਾਇਬ ਤਹਿਸਲੀਦਾਰ ਬੱਸੀ ਪਠਾਣਾਂ ਅਰਜਨ ਗਰੇਵਾਲ ਆਦਿ ਹਾਜ਼ਰ ਸਨ।