ਗਰਮੀ ਨੇ ਤੋੜਿਆ 20 ਸਾਲਾਂ ਦਾ ਰੀਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਠਿੰਡਾ 'ਚ ਅੱਜ ਗਰਮੀ ਨੇ ਪਿਛਲੇ 20 ਸਾਲਾਂ ਦਾ ਰੀਕਾਰਡ ਤੋੜ ਦਿਤਾ। ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ

File Photo

ਬਠਿੰਡਾ,  27 ਮਈ (ਸੁਖਜਿੰਦਰ ਮਾਨ): ਬਠਿੰਡਾ 'ਚ ਅੱਜ ਗਰਮੀ ਨੇ ਪਿਛਲੇ 20 ਸਾਲਾਂ ਦਾ ਰੀਕਾਰਡ ਤੋੜ ਦਿਤਾ। ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਇਸ ਭਿਆਨਕ ਗਰਮੀ ਨੇ ਇਲਾਕੇ ਨੂੰ ਤੰਦੂਰ ਵਾਂਗ ਤਪਣ ਲਗਾ ਦਿਤਾ ਹੈ। ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਅੱਜ ਬੁਧਵਾਰ ਦਾ ਦਿਨ ਪਿਛਲੇ 20 ਸਾਲਾਂ ਦੇ ਸਮੇਂ ਦੌਰਾਨ ਸੱਭ ਤੋਂ ਵੱਧ ਗਰਮ ਰਿਹਾ। ਮੌਸਮ ਵਿਭਾਗ ਵਲੋਂ ਅੱਜ ਦਿਨ ਦਾ ਵੱਧ ਤੋਂ ਵੱਧ ਤਾਪਮਾਨ 47.5 ਸੈਲਸੀਅਸ ਡਿਗਰੀ ਰੀਕਾਰਡ ਕੀਤਾ ਗਿਆ, ਜੋ ਕਿ ਅਪਣੇ ਆਪ ਵਿਚ ਇਕ ਰੀਕਾਰਡ ਬਣ ਗਿਆ ਹੈ।

ਮਾਹਰਾਂ ਮੁਤਾਬਕ ਇੰਨੀ ਭਿਆਨਕ ਗਰਮੀ ਰਾਜਸਥਾਨ ਦੇ ਗਰਮ ਇਲਾਕਿਆਂ ਵਿਚ ਵੀ ਨਹੀਂ ਪੈ ਰਹੀ, ਜਿੰਨਾ ਬਠਿੰਡਾ ਪੱਟੀ ਨੂੰ ਸੂਰਜ ਨੇ ਗਰਮ ਕੀਤਾ ਹੋਇਆ ਹੈ। ਇਸ ਭਿਆਨਕ ਗਰਮੀ ਨਾਲ ਵਗ ਰਹੀ ਲੂ ਅਤੇ ਹਵਾਵਾਂ ਨੇ ਆਮ ਲੋਕਾਂ ਦੇ ਬਾਹਰ ਨਿਕਲਣ 'ਤੇ ਰੋਕ ਲਗਾ ਦਿਤੀ ਹੈ। ਮੌਸਮ ਵਿਭਾਗ ਵਲੋਂ ਜਾਰੀ ਚੇਤਾਵਨੀ ਮੁਤਾਬਕ ਆਉਣ ਵਾਲੇ ਦੋ-ਤਿੰਨ ਬਾਅਦ ਹੀ ਇਸ ਗਰਮੀ ਤੋਂ ਰਾਹਤ ਮਿਲ ਸਕਦੀ ਹੈ, ਕਿÀੁਂਕਿ ਦੁਆਬਾ ਖੇਤਰ ਵਿਚ ਕੁੱਝ ਥਾਵਾਂ 'ਤੇ ਹਲਕੀ ਬੱਦਲਵਾਈ ਤੋਂ ਬਾਅਦ ਹਵਾਵਾਂ ਚਲਣ ਨਾਲ ਦੂਜੇ ਇਲਾਕਿਆਂ ਨੂੰ ਵੀ ਗਰਮੀ ਤੋਂ ਥੋੜੀ ਰਾਹਤ ਮਿਲੇਗੀ।

ਅੰਕੜਿਆਂ ਮੁਤਾਬਕ ਪਿਛਲੇ 20 ਸਾਲਾਂ ਵਿਚ ਸਿਰਫ਼ 6 ਵਾਰ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ 'ਤੇ ਪੁੱਜਿਆ ਹੈ। ਇਨ੍ਹਾਂ ਵਿਚੋਂ 12 ਮਈ 2002, 26 ਮਈ 2010, 24 ਮਈ 2013 ਅਤੇ 2 ਜੂਨ 2019 ਵਾਲੇ ਦਿਨ ਤਾਪਮਾਨ 47 ਡਿਗਰੀ ਰਿਹਾ। ਇਸ ਤੋਂ ਇਲਾਵਾ 8 ਜੂਨ 2014 ਨੂੰ ਵੱਧ ਤੋਂ ਵੱਧ ਤਾਪਮਾਨ 47.2 ਡਿਗਰੀ ਸੈਲਸੀਅਸ ਅਤੇ ਅੱਜ ਇਸ ਦਾ ਵੀ ਰੀਕਾਰਡ ਤੋੜਦੇ ਹੋਏ 47.5 ਤਕ ਪੁੱਜ ਗਿਆ। ਉਧਰ  ਗਰਮੀ ਦਾ ਸੱਭ ਤੋਂ ਵੱਧ ਅਸਰ ਬਜ਼ੁਰਗਾਂ ਤੇ ਬੱਚਿਆਂ ਉਪਰ ਵੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਪਸ਼ੂ ਪੰਛੀ ਵੀ ਗਰਮੀ ਨੇ ਬੇਹਾਲ ਕੀਤੇ ਹੋਏ ਹਨ।