ਟਿੱਡੀ ਦਲ ਦੀ ਆਮਦ ਬਠਿੰਡਾ ਨੇੜੇ ਹੋਈ

ਏਜੰਸੀ

ਖ਼ਬਰਾਂ, ਪੰਜਾਬ

ਸਰਹੱਦੀ ਇਲਾਕਿਆਂ 'ਚ ਕੀਤਾ ਹਾਈ ਅਲਰਟ

1

ਬਠਿੰਡਾ ਤੋਂ ਸਿਰਫ਼ 50 ਕਿਲੋਮੀਟਰ ਦੂਰੀ 'ਤੇ ਪੁੱਜਿਆ ਟਿੱਡੀ ਦਲ
ਪ੍ਰਸ਼ਾਸਨ ਨੇ ਟਾਕਰੇ ਲਈ ਵਿੱਢੀਆਂ ਤਿਆਰੀਆਂ

ਬਠਿੰਡਾ,  28 ਮਈ (ਸੁਖਜਿੰਦਰ ਮਾਨ): ਕਰੀਬ ਪੰਜ ਮਹੀਨਿਆਂ ਬਾਅਦ ਕਿਸਾਨਾਂ ਲਈ ਮੁੜ ਖ਼ਤਰਾ ਬਣ ਕੇ ਪੁੱਜਾ ਟਿੱਡੀ ਦਲ ਦਾ ਵਹੀਰ ਬਠਿੰਡਾ ਦੇ ਨੇੜੇ ਪੁੱਜ ਗਿਆ ਹੈ। ਪਤਾ ਲੱਗਾ ਹੈ ਕਿ ਇਹ ਵਹੀਰ ਅੱਜ ਰਾਜਸਥਾਨ ਦੀ ਪੰਜਾਬ ਨਾਲ ਲਗਦੀ ਸੰਗਰੀਆ ਮੰਡੀ ਟੱਪ ਕੇ ਰੋੜਿਆਂਵਾਲੀ ਤੋਂ ਕਿੱਕਰਾਂਵਾਲੀ ਤੇ ਲੀਲਿਆਂ ਵਾਲੀ ਪਿੰਡ ਕੋਲ ਪੁੱਜ ਗਿਆ ਹੈ।


ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹੁਣ ਇਸ ਦਾ ਅਗਲਾ ਰੁਖ਼ ਪੰਜਾਬ ਵਲ ਹੋਵੇਗਾ, ਜਿਸ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਸਰਹੱਦੀ ਇਲਾਕਿਆਂ ਸੰਗਤ, ਤਲਵੰਡੀ ਸਾਬੋ ਤੇ ਮੌੜ ਮੰਡੀ ਦੀ ਨਰਮਾ ਬੇਲਟ ਦੇ ਕਿਸਾਨਾਂ ਨੂੰ ਵਿਸੇਸ਼ ਤੌਰ 'ਤੇ ਹਾਈਅਲਰਟ ਜਾਰੀ ਕਰਦਿਆਂ ਸੁਚੇਤ ਕੀਤਾ ਗਿਆ ਹੈ। ਪਿੰਡਾਂ ਵਿਚ ਕਿਸਾਨਾਂ ਨੂੰ ਇਸ ਦੇ ਖ਼ਤਰੇ ਤੋਂ ਜਾਣੂ ਕਰਵਾਉਣ ਲਈ ਲਗਾਤਾਰ ਅਨਾਉਸਮੈਂਟ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਭਲਕੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੀ ਵਿਸੇਸ ਤੌਰ 'ਤੇ ਬਠਿੰਡਾ ਪੁੱਜ ਰਹੇ ਹਨ।


ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਹਾਦੁਰ ਸਿੰਘ ਸਿੱਧੂ ਨੇ ਦਸਿਆ ਕਿ ਵਿਭਾਗ ਦੀਆਂ ਟੀਮਾਂ ਰਾਜਸਥਾਨ ਤੇ ਹਰਿਆਣਾ ਨਾਲ ਲੱਗਦੀ ਪੰਜਾਬ ਬੈਲਟ ਦੇ ਪਿੰਡਾਂ ਵਿਚ ਪੁੱਜ ਚੁੱਕੀਆਂ ਹਨ। ਉਨ੍ਹਾਂ ਦਸਿਆ ਕਿ ਟਿੱਡੀ ਦਲ ਦੇ ਹਮਲੇ ਦਾ ਮੁਕਾਬਲਾ ਕਰਨ ਲਈ ਵਿਭਾਗ ਕੋਲ 1442 ਸਪਰੇਹ ਪੰਪ, 4 ਯੂਪੀਐਲ ਪੰਪ ਅਤੇ ਕੀਟਨਾਸ਼ਕ ਦਵਾਈਆਂ ਉਪਲਬਧ ਹਨ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਮੌਜੂਦ ਫ਼ਾਇਰ ਬ੍ਰਿਗੇਡ ਦੀਆਂ 9 ਗੱਡੀਆਂ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ।


ਉਧਰ ਸੰਭਾਵਤ ਟਿੱਡੀ ਦਲ ਦੇ ਹਮਲੇ ਨੂੰ ਵੇਖਦਿਆਂ ਸਰਹੱਦੀ ਪਿੰਡਾਂ ਦੇ ਕਿਸਾਨਾਂ 'ਚ ਕਾਫ਼ੀ ਸਹਿਮ ਵੇਖਣ ਨੂੰ ਮਿਲ ਰਿਹਾ ਹੈ। ਬੀਤੇ ਕਲ ਟਿੱਡੀ ਦਲ ਦਾ ਕਾਫ਼ਲਾ ਹਨੂੰਮਾਨਗੜ੍ਹ ਨਜ਼ਦੀਕ ਗੋਲੂਵਾਲ ਪਿੰਡ ਤਕ ਪੁੱਜਾ ਸੀ। ਕਿਸਾਨ ਗੁਰਜੀਤ ਸਿੰਘ ਮੁਤਾਬਕ ਪਹਿਲਾਂ ਹੀ ਮਜ਼ਦੂਰਾਂ ਦੀ ਕਮੀ ਨਾਲ ਜੂਝਦਿਆਂ ਕਿਸਾਨਾਂ ਨੇ ਕਾਫ਼ੀ ਮੁਸ਼ਕਲ ਨਾਲ ਨਰਮੇ ਦੀ ਖੇਤੀ ਖੜੀ ਕੀਤੀ ਹੈ। ਹਾਲਾਂਕਿ ਖੇਤੀਬਾੜੀ ਅਧਿਕਾਰੀਆਂ ਨੇ ਦਸਿਆ ਕਿ ਕਿਸਾਨਾਂ ਨੂੰ ਡਰਨ ਦੀ ਲੋੜ ਨਹੀਂ, ਬਲਕਿ ਵਿਭਾਗ ਨਾਲ ਮਿਲ ਕੇ ਇਸ ਦਾ ਡਟ ਕੇ ਮੁਕਾਬਲਾ ਕਰਨ ਦੀ ਜ਼ਰੂਰਤ ਹੈ। ਟੀਮਾਂ ਵਲੋਂ ਪਿੰਡਾਂ ਅੰਦਰ ਟਿੱਡੀ ਦਲ ਦੇ ਹਮਲੇ ਸਬੰਧੀ ਗੁਰੂਘਰਾਂ ਦੇ ਸਪੀਕਰਾਂ ਰਾਹੀ ਕਿਸਾਨਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਅਪਣੇ ਟਰੈਕਟਰ ਵਾਲੇ ਸਪਰੇਹ ਪੰਪ ਤੇ ਅਪਣੇ ਨਾਲ ਮਜਦੂਰਾਂ ਨੂੰ ਵੀ ਤਿਆਰ ਰਖਣ ਦੀ ਅਪੀਲ ਕੀਤੀ ਗਈ ਹੈ।


ਡਾ. ਬਹਾਦਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਟਿੱਡੀ ਦਲ ਦੇ ਹਮਲੇ ਤੋਂ ਕਿਸਾਨਾਂ ਦੀਆਂ ਫ਼ਸਲਾਂ ਬਚਾਉਣ ਲਈ ਇਸਨੂੰ ਦਿਨ ਸਮੇਂ ਖੇਤਾਂ ਵਿਚ ਬੈਠਣ ਨਹੀਂ ਦਿੱਤਾ ਜਾਵੇਗਾ, ਇਸਦੇ ਲਈ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੱਥੇ ਕਿਤੇ ਵੀ ਟਿੱਡੀ ਦਲ ਦਾ ਝੁੰਡ ਵਿਖਾਈ ਦਿੰਦਾ ਹੈ,ਉਹ ਖਾਲੀ ਪੀਪੇਤੇ ਥਾਲੀਆਂ ਆਦਿ ਖੜਕਾਉਣ ਜਾਂ ਪਟਾਕੇ ਪਾਉਣੇ ਸ਼ੁਰੂ ਕਰ ਦੇਣ ਤਾਂ ਕਿ ਉਹ ਫ਼ਸਲਾਂ ਉਪਰ ਨਾ ਬੈਠ ਸਕੇ। ਇਸ ਤੋਂ ਬਾਅਦ ਰਾਤ ਸਮੇਂ ਜਦ ਇਹ ਦਲ ਦਰੱਖਤਾਂ ਉਪਰ ਬੈਠੇਗਾ ਤਾਂ ਵੱਡੇ ਪੰਪਾਂ ਤੇ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਇਨ੍ਹਾਂ ਉਪਰ ਸਪਰੇਹ ਦਾ ਛਿੜਕਾਅ ਕਰ ਕੇ ਇਸ ਨੂੰ ਮਾਰ ਦਿਤਾ ਜਾਵੇਗਾ।

ਟਿੱਡੀ ਦਲ ਦਾ ਕਾਫ਼ਲਾ ਦਸ ਹਾਥੀਆਂ ਦੇ ਭਾਰ ਬਰਾਬਰ ਚੱਟਮ ਕਰ ਜਾਂਦਾ ਹੈ ਹਰੀ ਫ਼ਸਲ


ਬਠਿੰਡਾ: ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪੰਜ ਲੱਖ ਕੀੜਿਆਂ ਦਾ ਕਾਫ਼ਲਾ 10 ਹਾਥੀਆਂ ਦੇ ਭਾਰ ਬਰਾਬਰ ਹਰੀ ਫ਼ਸਲ ਖਾ ਜਾਂਦਾ ਹੈ। ਇਸ ਝੁੰਡ ਦੀ ਉਡਣ ਰਫ਼ਤਾਰ ਪ੍ਰਤੀ ਘੰਟਾ 16 ਤੋਂ 19 ਕਿਲੋਮੀਟਰ ਹੁੰਦੀ ਹੈ ਤੇ ਇਹ ਇਕ ਦਿਨ ਵਿਚ 130 ਕਿਲੋਮੀਟਰ ਤਕ ਸਫ਼ਰ ਤੈਅ ਕਰ ਸਕਦੇ ਹਨ। ਇਸ ਤੋਂ ਇਲਾਵਾ ਇਹ ਜਿਸ ਜਗ੍ਹਾ ਉਪਰ ਬੈਠ ਜਾਂਦਾ ਹੈ, ਉਥੇ ਸਾਰੀ ਹਰਿਆਲੀ ਖ਼ਤਮ ਕਰ ਦਿੰਦਾ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਸਾਲ 1971 'ਚ ਟਿੱਡੀ ਦਲ ਵਲੋਂ ਭਿਆਨਕ ਹਮਲਾ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਖ਼ਤਮ ਕਰ ਦਿਤਾ ਗਿਆ ਸੀ।