ਪੰਜਾਬ ਸਰਕਾਰ ਨੇ ਵੈਕਸੀਨ ਸਰਟੀਫਿਕੇਟ ਤੋਂ ਹਟਾਈ ਪੀਐਮ ਮੋਦੀ ਦੀ ਫੋਟੋ
ਝਾਰਖੰਡ ਅਤੇ ਛੱਤੀਸਗੜ੍ਹ ਤੋਂ ਬਾਅਦ ਅਜਿਹਾ ਕਰਨ ਵਾਲਾ ਤੀਜਾ ਸੂਬਾ ਬਣਿਆ ਪੰਜਾਬ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਵਿਡ-19 ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਜਾਰੀ ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹਟਾ ਦਿੱਤੀ ਹੈ। ਝਾਰਖੰਡ ਅਤੇ ਛੱਤੀਸਗੜ੍ਹ ਤੋਂ ਬਾਅਦ ਪੰਜਾਬ ਅਜਿਹਾ ਕਰਨ ਵਾਲਾ ਤੀਜਾ ਸੂਬਾ ਬਣ ਗਿਆ ਹੈ, ਜਿਸ ਨੇ ਵੈਕਸੀਨ ਸਰਟੀਫਿਕੇਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹਟਾਈ ਹੈ।
ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਕੋਵਿਡ-19 ਟੀਕਾਕਰਨ ਸਰਟੀਫਿਕੇਟ ਉੱਤੇ ਹੁਣ ਸਿਰਫ ਮਿਸ਼ਨ ਫਤਹਿ ਦਾ ਲੋਗੋ ਲੱਗਿਆ ਹੋਇਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਹ ਕਦਮ ਕਈ ਸਿਆਸੀ ਨੇਤਾਵਾਂ ਵੱਲੋਂ ਪ੍ਰਧਾਨ ਮੰਤਰੀ ਦੀ ਫੋਟੋ ਲਗਾਏ ਜਾਣ ਸਬੰਧੀ ਜਤਾਏ ਜਾ ਰਹੇ ਇਤਰਾਜ਼ ਤੋਂ ਬਾਅਦ ਚੁੱਕਿਆ ਹੈ।
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਵਿਚ ਵੈਕੀਸਨ ਦੀ ਕਮੀ ਹੈ, ਜਿਸ ਦੇ ਚਲਦਿਆਂ ਪੰਜਾਬ ਸਰਕਾਰ ਵੈਕੀਸਨ ਦੀ ਖਰੀਦ ਲਈ ਵੱਖ-ਵੱਖ ਵੈਕਸੀਨ ਨਿਰਮਾਤਾਵਾਂ ਕੋਲ ਪਹੁੰਚ ਕਰ ਰਹੀ ਹੈ। ਅਜਿਹੇ ਵਿਚ ਸਰਟੀਫਿਕੇਟ ਤੋਂ ਪੀਐਮ ਮੋਦੀ ਦੀ ਫੋਟੋ ਹਟਾਉਣ ਪਿੱਛੇ ਇਹ ਵੀ ਕਾਰਨ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਤੋਂ ਪਹਿਲਾਂ ਝਾਰਖੰਡ ਅਤੇ ਛੱਤੀਸਗੜ੍ਹ ਸੂਬੇ ਪਹਿਲਾਂ ਹੀ ਕੋਰੋਨਾ ਵੈਕਸੀਨ ਸਰਟੀਫਿਕੇਟਾਂ ਤੋਂ ਪ੍ਰਧਾਨ ਮੰਤਰੀ ਦੀ ਤਸਵੀਰ ਹਟਾ ਚੁੱਕੇ ਹਨ।
1 ਜੂਨ ਤੋਂ 18-45 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਿਆਨ ਅਨੁਸਾਰ ਸੂਬੇ ਵਿਚ ਇਕ ਜੂਨ ਤੋਂ ਟੀਕਾਕਰਨ ਦੀ ਤਰਜੀਹੀ ਸੂਚੀ ਦਾ ਵਿਸਥਾਰ ਕਰਕੇ ਇਸ ਵਿਚ ਦੁਕਾਨਦਾਰਾਂ ਅਤੇ ਉਹਨਾਂ ਦਾ ਸਟਾਫ, ਪ੍ਰਾਹੁਣਚਾਰੀ ਖੇਤਰ, ਉਦਯੋਗਿਕ ਕਾਮੇ, ਰੇਹੜੀ-ਫੜੀ ਵਾਲੇ, ਡਲਿਵਰੀ ਏਜੰਟ, ਬੱਸ/ਕੈਬ ਡਰਾਈਵਰ/ਕੰਡਕਟਰ ਅਤੇ ਸਥਾਨਕ ਸਰਕਾਰਾਂ ਦੇ ਮੈਂਬਰ ਸਾਮਲ ਕੀਤੇ ਜਾਣਗੇ। ਇਸ ਤੋਂ ਇਲਾਵਾ ਹੋਟਲਾਂ, ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵਿਚ ਕੰਮ ਕਰਨ ਵਾਲਾ ਸਟਾਫ਼ ਅਤੇ ਕੇਟਰਰਜ਼, ਕੁੱਕ, ਬੈਰੇ ਆਦਿ ਸ਼ਾਮਲ ਹੋਣਗੇ।