ਆਪਣੇ ਮਾਲਕ ਦੀ ਜਾਨ ਬਚਾਉਂਦਾ ਖ਼ੁਦ ਜਾਨ ਗਵਾ ਗਿਆ ਅੰਮ੍ਰਿਤਧਾਰੀ ਸਿੱਖ ਤਪਤੇਜ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਨੌਜਵਾਨ ਤਪਤੇਜ ਸਿੰਘ ਦੇ ਪਰਿਵਾਰ 'ਚ ਸੋਗ ਦੀ ਲਹਿਰ 

Taptej Singh

ਤਰਨਤਾਰਨ (ਦਿਲਬਾਗ ਸਿੰਘ) - ਕੈਲੀਫੋਰਨੀਆ ਦੇ ਸ਼ਹਿਰ ਸੈਨ ਜੋਸ ’ਚ ਸੈਮ ਕੈਸਡੀ ਨਾਮ ਦੇ ਵੀ ਟੀ ਏ ਦੇ ਮੁਲਾਜ਼ਮ ਵੱਲੋ ਫਾਇਰਿੰਗ ਕਰਕੇ ਆਪਣੇ ਨਾਲ ਕੰਮ ਕਰਦੇ 8 ਵਿਅਕਤੀਆਂ ਨੂੰ ਮਾਰਨ ਤੋਂ ਬਾਅਦ ਆਪਣੇ ਆਪ ਦੇ ਵੀ ਗੋਲੀ ਮਾਰ ਲਈ ਗਈ। ਇਹਨਾਂ ਮਰਨ ਵਾਲੇ 8 ਵਿਅਕਤੀਆਂ ਵਿੱਚ ਇਕ ਵਿਅਕਤੀ ਤਪਤੇਜ ਸਿੰਘ ਗਿੱਲ 35 ਸਾਲਾਂ ਪੁੱਤਰ ਸਰਬਜੀਤ ਸਿੰਘ ਨਾਮੀ ਵਿਅਕਤੀ ਜੋ ਕੇ ਪਿੰਡ ਗਗੜੇਵਾਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਦਾ ਵਸਨੀਕ ਹੈ ਉਹ ਵੀ ਸ਼ਾਮਲ ਸੀ।

ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਤਪਤੇਜ ਸਿੰਘ ਤੇ ਉਸ ਦੇ ਸਾਥੀ ਆਪਣੇ ਮਾਲਕ ਦੀ ਜਾਨ ਬਚਾ ਰਹੇ ਸਨ ਜਿਸ ਦੌਰਾਨ ਉਹਨਾਂ ਦੀ ਵੀ ਜਾਨ ਚਲੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਵਿੱਤਰ ਪਾਲ ਸਿੰਘ ਨੌਬੀ, ਹਰਦਿਆਲ ਸਿੰਘ ਦਿਲਪ੍ਰੀਤ ਸਿੰਘ ਆਦਿ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਤਪਤੇਜ ਸਿੰਘ ਜੋ ਕਿ ਪਿਛਲੇ 20-25 ਸਾਲ ਤੋਂ ਯੂ.ਐਸ. ਏ. ਵਿਚ ਆਪਣੇ ਪੂਰੇ ਪਰਿਵਾਰ ਸਮੇਤ ਰਹਿ ਰਿਹਾ ਸੀ। ਜਿਸ ਦੀ ਮੌਤ ਦੀ ਖ਼ਬਰ ਉਨਾਂ ਨੂੰ ਫੋਨ ਕਾਲ ਰਾਂਹੀ ਮਿਲੀ। ਮ੍ਰਿਤਕ ਆਪਣੇ ਪਿੱਛੇ ਪਤਨੀ ਹਰਮਨਪ੍ਰੀਤ ਕੌਰ ਅਤੇ ਦੋ ਬੱਚੇ 1 ਲੜਕਾ ਅਤੇ 1 ਲੜਕੀ ਛੱਡ ਗਿਆ ਹੈ। ਪੂਰੇ ਪਰਿਵਾਰ 'ਚ ਸੋਗ ਦੀ ਲਹਿਰ ਛਾਈ ਹੋਈ ਹੈ।

ਦੱਸ ਦਈਏ ਕਿ ਕੈਲੀਪੋਰਨੀਆ ਦੇ ਸੈਨ ਜੋਸ ’ਚ ਬੁਧਵਾਰ ਦੇਰ ਰਾਤ ਰੇਲ ਯਾਰਡ ’ਚ ਗੋਲੀਬਾਰੀ ’ਚ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋ ਗਏ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ੱਕੀ ਵੀ ਮਾਰਿਆ ਗਿਆ। ਸੂਤਰਾਂ ਮੁਤਾਬਕ ਇਸ ਘਟਨਾ ’ਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋਈ ਹੈ। ਸਾਂਤਾ ਕਲਾਰਾ ਕਾਉਂਟੀ ਸ਼ੈਰਿਫ ਦੇ ਬੁਲਾਰੇ ਡਿਪਟੀ ਰਸੇਨ ਡੇਵਿਸ ਨੇ ਦਸਿਆ ਗੋਲ਼ੀਬਾਰੀ ਵਿਚ ਮਾਰੇ ਗਏ ਪਾਲ ਡੇਲਕਰੂਜ਼ ਮੇਗੀਆ, 42 ; ਤਪਤੇਜਦੀਪ ਸਿੰਘ, 36 ; ਐਡਰਿਅਨ ਬਾਲੇਜ਼ਾ, 29; ਜੋਸੇ ਡੀਜੇਸਸ ਹਰਨਾਡੇਜ, 35; ਟਿਮੋਥੀ ਮਾਈਕਲ ਰੋਮੋ, 49; ਮਾਈਕਲ ਜੋਸਫ ਰੁਡੋਮੇਕਿਨ,

40; ਅਬਦੋਲਵਾਹਹਾਬ ਅਲਾਘਮੰਦਨ, 63 ਅਤੇ ਲਾਰਸ ਕੇਪਲਰ ਲੇਨ, 63 ਹਨ। ਉਨ੍ਹਾਂ ਕਿਹਾ ਕਿ ਪੀੜਤਾਂ ’ਚ ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ ਦੇ ਮੁਲਾਜ਼ਮ ਵੀ ਸ਼ਾਮਲ ਹਨ। ਪੁਲਿਸ ਮੁਤਾਬਕ ਗੋਲੀਬਾਰੀ ਮਾਮਲੇ ਦੀ ਜਾਂਚ ਚਲ ਰਹੀ ਹੈ ਤੇ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਮਾਰੇ ਗਏ ਪੰਜਾਬੀ ਨੌਜਵਾਨ ਤਪਤੇਜ ਸਿੰਘ ਗਿੱਲ (36) ਦੇ ਚਚੇਰਾ ਭਰਾ, ਬੱਗਾ ਸਿੰਘ ਨੇ ਦੱਸਿਆ ਕਿ ਉਹ 8-9 ਸਾਲ ਤੋਂ ਲਾਈਟ ਰੇਲ ਗੱਡੀ ਦੇ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ।

ਉਹ ਆਪਣੇ ਪਿੱਛੇ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਉਹ ਤਰਨਤਾਰਨ ਦੇ ਗਗੜੇਵਾਲ ਦਾ ਵਸਨੀਕ ਸੀ ਤੇ ਹੁਣ ਯੂਨੀਅਨ ਸਿਟੀ ਕੈਲੀਫੋਰਨੀਆ ਵਿਚ ਰਹਿੰਦਾ ਸੀ।  ਗੋਲੀਬਾਰੀ ਰੇਲਵੇ ਯਾਰਡ ’ਚ ਹੋਈ ਜਿਹੜਾ ਸਾਂਤਾ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਨਾਲ ਲੱਗਦਾ ਹੈ। ਇਹ ਇਕ ਕੰਟਰੋਲ ਸੈਂਟਰ ਹੈ ਇੱਥੇ ਰੇਲ ਗੱਡੀਆਂ ਖਡ ਕੀਤੀਆਂ ਜਾਂਦੀਆਂ ਹਨ। ਸੈਨ ਜੋਸ ਦੇ ਮੇਅਰ ਨੇ ਇਸ ਘਟਨਾ ਨੂੰ ਬਹੁਤ ਦੁੱਖਦਾਈ ਦੱਸਿਆ ਹੈ।